ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

12/16/2023 4:46:09 PM

ਨਵੀਂ ਦਿੱਲੀ- 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ ਵਿਚ ਗ੍ਰਿਫ਼ਤਾਰ 5 ਦੋਸ਼ੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਲੋਕ ਸਭਾ ਦੇ ਚੈਂਬਰ ਵਿਚ ਛਾਲ ਮਾਰ ਕੇ ਧੂੰਆਂ ਉਡਾਉਣ ਦੀ ਯੋਜਨਾ ਤੋਂ ਪਹਿਲਾਂ ਖ਼ੁਦ ਨੂੰ ਅੱਗ ਲਾਉਣ ਅਤੇ ਪਰਚੇ ਵੰਡਣ ਵਰਗੇ ਵਿਕਲਪਾਂ 'ਤੇ ਵੀ ਵਿਚਾਰ ਕੀਤਾ ਸੀ। ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੀ ਭਾਜਪਾ ਆਗੂ ਅਤੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦਾ ਬਿਆਨ ਦਰਜ ਕਰਨ ਦੀ ਵੀ ਯੋਜਨਾ ਹੈ। ਸਦਨ ਅੰਦਰ ਸੁਰੱਖਿਆ ਵਿਚ ਸੇਂਧ ਲਾਉਣ ਵਾਲੇ ਦੋ ਪੁਰਸ਼ਾਂ ਨੂੰ ਸਿਮਹਾ ਜ਼ਰੀਏ ਪਾਸ ਮਿਲਿਆ ਸੀ। 

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

ਲਲਿਤ ਝਾਅ ਨੇ ਵਿਰੋਧੀ ਪ੍ਰਦਰਸ਼ਨ ਦੇ ਵੀਡੀਓ ਕੀਤੇ ਵਾਇਰਲ

ਦੋਸ਼ੀ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਨੇ ਸਿਫ਼ਰਕਾਲ ਦੌਰਾਨ ਦਰਸ਼ਕ ਗੈਲਰੀ ਤੋਂ ਲੋਕ ਸਭਾ ਚੈਂਬਰ 'ਚ ਛਾਲ ਮਾਰੀ ਸੀ ਅਤੇ ਉਨ੍ਹਾਂ ਨੇ ਕੇਨ ਤੋਂ ਪੀਲੇ ਰੰਗ ਦੀ ਗੈਸ ਉਡਾਉਂਦੇ ਹੋਏ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਸੀ। ਲੱਗਭਗ ਉਸੇ ਸਮੇਂ ਦੌਰਾਨ ਸੰਸਦ ਭਵਨ ਦੇ ਬਾਹਰ ਦੋ ਹੋਰ ਦੋਸ਼ੀਆਂ ਅਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਕੇਨ ਨਾਲ ਰੰਗੀਨ ਧੂੰਆਂ ਫੈਲਾਉਂਦੇ ਹੋਏ 'ਤਾਨਾਸ਼ਾਹੀ ਨਹੀਂ ਚੱਲੇਗੀ' ਦੇ ਨਾਅਰੇ ਲਾਏ ਸਨ। 5ਵੇਂ ਦੋਸ਼ੀ ਲਲਿਤ ਝਾਅ ਨੇ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੇ। 

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਦੋਸ਼ੀਆਂ ਨੇ ਆਤਮਦਾਹ ਕਰਨ ਅਤੇ ਪਰਚੇ ਵੰਡਣ ਦੀ ਵੀ ਬਣਾਈ ਸੀ ਯੋਜਨਾ

ਜਾਂਚ ਤੋਂ ਜਾਣੂ ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੰਸਦ 'ਚ ਛਾਲ ਮਾਰਨ ਦੀ ਇਸ ਯੋਜਨਾ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਦੋਸ਼ੀਆਂ ਨੇ ਕੁਝ ਅਜਿਹੇ ਤਰੀਕੇ ਤਲਾਸ਼ੇ ਸਨ, ਜਿਨ੍ਹਾਂ ਜ਼ਰੀਏ ਉਹ ਪ੍ਰਭਾਵਸ਼ਾਲੀ ਤਰੀਕੇ ਨਾਲ ਸਰਕਾਰ ਤੱਕ ਆਪਣਾ ਸੰਦੇਸ਼ ਪਹੁੰਚਾ ਸਕਣ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਅੱਗ ਰੋਕੂ ਪਰਤ ਨਾਲ ਢੱਕ ਕੇ ਆਤਮਦਾਹ ਕਰਨ 'ਤੇ ਵਿਚਾਰ ਕੀਤਾ ਪਰ ਫਿਰ ਇਹ ਵਿਚਾਰ ਤਿਆਗ ਦਿੱਤਾ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਦੇ ਅੰਦਰ ਪਰਚੇ ਵੰਡਣ 'ਤੇ ਵੀ ਵਿਚਾਰ ਕੀਤੇ ਪਰ ਆਖ਼ਰਕਾਰ ਸੰਸਦ ਵਿਚ ਧੂੰਆਂ ਫੈਲਾਉਣ ਦਾ ਬਦਲ ਚੁਣਿਆ। 

ਇਹ ਵੀ ਪੜ੍ਹੋ- ਲੋਕ ਸਭਾ 'ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ

ਦੋਸ਼ੀ ਲਲਿਤ ਨੇ ਖ਼ੁਦ ਦਾ ਅਤੇ ਹੋਰ ਦੋਸ਼ੀਆਂ ਦੇ ਮੋਬਾਇਲ ਫੋਨ ਨਸ਼ਟ ਕਰਨ ਦਾ ਕੀਤਾ ਦਾਅਵਾ

ਅਧਿਕਾਰੀ ਨੇ ਦੱਸਿਆ ਕਿ ਪੁਲਸ ਜਲਦੀ ਹੀ ਲਲਿਤ ਝਾਅ ਨੂੰ ਰਾਜਸਥਾਨ ਦੇ ਨਾਗੌਰ ਲੈ ਕੇ ਜਾਵੇਗੀ, ਜਿੱਥੋਂ ਉਹ ਦੌੜਨ ਮਗਰੋਂ ਬੁੱਧਵਾਰ ਨੂੰ ਠਹਿਰਿਆ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਉਸ ਥਾਂ 'ਤੇ ਲਿਜਾਇਆ ਜਾਵੇਗਾ, ਜਿੱਥੋਂ ਉਸ ਨੇ ਆਪਣਾ ਅਤੇ ਹੋਰਨਾਂ ਦੋਸ਼ੀਆਂ ਦੇ ਮੋਬਾਇਲ ਫੋਨ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ। ਸਾਰੇ 5 ਦੋਸ਼ੀਆਂ ਨੂੰ 7 ਦਿਨ ਦੀ ਪੁਲਸ ਹਿਰਾਸਤ ਵਿਚ ਭੇਜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News