ਜੰਮੂ ਕਸ਼ਮੀਰ ਨਾਲ ਸੰਬੰਧਤ ਤਿੰਨ ਮਹੱਤਵਪੂਰਨ ਬਿੱਲਾਂ ਨੂੰ ਮਿਲੀ ਸੰਸਦ ਦੀ ਮਨਜ਼ੂਰੀ

Friday, Feb 09, 2024 - 06:52 PM (IST)

ਜੰਮੂ ਕਸ਼ਮੀਰ ਨਾਲ ਸੰਬੰਧਤ ਤਿੰਨ ਮਹੱਤਵਪੂਰਨ ਬਿੱਲਾਂ ਨੂੰ ਮਿਲੀ ਸੰਸਦ ਦੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਸੰਸਦ ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਨਾਲ ਸੰਬੰਧਤ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ 'ਚ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਥਾਨਕ ਬਾਡੀ ਚੋਣਾਂ 'ਚ ਓ.ਬੀ.ਸੀ. ਨੂੰ ਰਾਖਵਾਂਕਰਨ ਦੇਣ ਅਤੇ ਵਾਲਮੀਕਿ ਸਮਾਜ ਨੂੰ ਅਨੁਸੂਚਿਤ ਜਾਤੀ 'ਚ ਸ਼ਾਮਲ ਕਰਨ ਦੇ ਪ੍ਰਬੰਧ ਸ਼ਾਮਲ ਹਨ। ਰਾਜ ਸਭਾ 'ਚ ਜੰਮੂ ਕਸ਼ਮੀਰ ਪੰਚਾਇਤੀ ਰਾਜ ਬਿੱਲ (ਸੋਧ) ਬਿੱਲ, ਸੰਵਿਧਾਨ (ਜੰਮੂ ਕਸ਼ਮੀਰ) ਅਨੁਸੂਚਿਤ ਜਾਤੀਆਂ ਆਦੇਸ਼ (ਸੋਧ) ਬਿੱਲ 2024 ਅਤੇ ਸੰਵਿਧਾਨ (ਜੰਮੂ ਕਸ਼ਮੀਰ) ਅਨੁਸੂਚਿਤ ਜਨਜਾਤੀਆਂ ਆਦੇਸ਼ (ਸੋਧ) ਬਿੱਲ 'ਤੇ ਇਕੱਠੇ ਚਰਚਾ ਤੋਂ ਬਾਅਦ ਆਵਾਜ਼ ਵੋਟ ਨਾਲ ਪਾਸ ਕੀਤਾ ਗਿਆ। ਲੋਕ ਸਭਾ ਇਨ੍ਹਾਂ ਨੂੰ ਪਹਿਲੇ ਹੀ ਪਾਸ ਕਰ ਚੁੱਕੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਵੀਰੇਂਦਰ ਕੁਮਾਰ ਅਤੇ ਜਨਜਾਤੀ ਮਾਮਲਿਆਂ ਦੇ ਮੰਤਰੀ ਅਰਜੁਨ ਮੁੰਡਾ ਨੇ ਬਿੱਲਾਂ 'ਤੇ ਹੋਈ ਚਰਚਾ ਦੇ ਜਵਾਬ ਦਿੱਤੇ ਅਤੇ ਫਿਰ ਉਸ ਤੋਂ ਬਾਅਦ ਇਨ੍ਹਾਂ ਨੂੰ ਉੱਚ ਸਦਨ ਨੇ ਮਨਜ਼ੂਰੀ ਦਿੱਤੀ।

ਇਹ ਵੀ ਪੜ੍ਹੋ : J&K: ਸਥਾਨਕ ਬਾਡੀਜ਼ 'ਚ OBC ਲਈ ਰਾਖਵੇਂਕਰਨ ਸਬੰਧੀ ਬਿੱਲ ਲੋਕ ਸਭਾ 'ਚ ਪਾਸ

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 'ਜੰਮੂ ਕਸ਼ਮੀਰ ਸਥਾਨਕ ਬਾਡੀ ਕਾਨੂੰਨ (ਸੋਧ) ਬਿੱਲ, 2024' 'ਤੇ ਹੋਈ ਚਰਚਾ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਵਿਰੋਧੀ ਮੈਂਬਰਾਂ ਨੇ ਜੋ ਵੀ ਦੋਸ਼ ਲਗਾਏ ਹਨ, ਉਨ੍ਹਾਂ 'ਚ ਥੋੜ੍ਹੀ ਜਿਹੀ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਉੱਥੇ ਵਿਕਾਸ ਨੂੰ ਗਤੀ ਮਿਲੀ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਮੁੱਖ ਧਾਰਾ 'ਚ ਜੁੜਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨਕਾਲ 'ਚ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35 ਏ ਹਟਾਏ ਜਾਣ ਤੋਂ ਬਾਅਦ ਉੱਥੇ ਮਹੱਤਵਪੂਰਨ ਤਬਦੀਲੀ ਹੋਈ ਹੈ ਅਤੇ ਸ਼ਾਂਤੀ, ਸੁਰੱਖਿਆ ਤੇ ਵਿਕਾਸ ਸਮੇਤ ਸਮਾਜਿਕ ਅਤੇ ਆਰਥਿਕ ਪਹਿਲੂਆਂ 'ਚ ਸੁਧਾਰ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਿੰਚਾਈ ਪ੍ਰਾਜੈਕਟ, ਖੇਤੀਬਾੜੀ, ਸੈਰ-ਸਪਾਟਾ ਆਦਿ ਖੇਤਰਾਂ 'ਚ ਬਿਹਤਰੀਨ ਵਿਕਾਸ ਹੋਇਆ ਹੈ ਅਤੇ ਸਮਾਜਿਕ ਕਲਿਆਣ ਲਈ ਕੰਮ ਹੋਇਆ ਹੈ। ਉਨ੍ਹਾਂ ਕਿਹਾ,''ਧਾਰਾ 370 ਦੇਸ਼ ਦੀ ਏਕਤਾ ਅਤੇ ਅਖੰਡਤਾ 'ਚ ਰੁਕਾਵਟ ਸੀ ਅਤੇ ਉਸ ਕਲੰਕ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖ਼ਤਮ ਕੀਤਾ।'' ਰਾਏ ਨੇ ਕਿਹਾ ਕਿ ਕਸ਼ਮੀਰ 'ਚ ਬੁਨਿਆਦੀ ਢਾਂਚੇ 'ਚ ਵੀ ਜ਼ਿਕਰਯੋਗ ਸੁਧਾਰ ਹੋਇਆ ਹੈ ਅਤੇ ਉਦਯੋਗਿਕ ਵਿਕਾਸ ਵੀ ਹੋਇਆ ਹੈ ਅਤੇ ਇਸ ਕਾਰਨ ਉਤਪਾਦਨ ਅਤੇ ਸੈਰ-ਸਪਾਟੇ 'ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣ ਤੋਂ ਬਾਅਦ 3,362 ਪ੍ਰਸਤਾਵ ਉਦਯੋਗਿਕ ਖੇਤਰ ਲਈ ਆਏ ਹਨ ਅਤੇ ਕਰੀਬ 90 ਹਜ਼ਾਰ ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ ਅਤੇ ਇਸ ਨਾਲ ਚਾਰ ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ 5 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਨਿਵੇਸ਼ ਹੋ ਚੁੱਕੇ ਹਨ। ਰਾਏ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਵੀ ਨਤੀਜਾ ਹੈ ਕਿ ਜੰਮੂ ਕਸ਼ਮੀਰ 'ਚ ਹਿੰਸਾ, ਪੱਥਰਬਾਜ਼ੀ, ਕਤਲ ਅਤੇ ਹੋਰ ਅੱਤਵਾਦੀਆਂ ਘਟਨਾਵਾਂ 'ਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਮੋਦੀ ਸਰਕਾਰ 'ਤੇ ਭਰੋਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਮਕਸਦ ਸਥਾਨਕ ਬਾਡੀ ਚੋਣਾਂ 'ਚ ਨਿਰਪੱਖਤਾ ਅਤੇ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਕਾਇਮ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News