ਹੱਦ ਹੋ ਗਈ! 12ਵੀਂ ਦੇ ਪੇਪਰ ''ਚ ਮਾਪੇ ਹੀ ਕਰਵਾਉਣ ਲੱਗੇ ਨਕਲ; ਡਰੋਨ ਕੈਮਰੇ ਨੇ ਖੋਲ੍ਹ ਦਿੱਤੀ ਪੋਲ, ਵੀਡੀਓ ਵਾਇਰਲ
Tuesday, Feb 10, 2026 - 09:03 PM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਤੋਂ ਨਕਲ ਕਰਵਾਉਣ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪ੍ਰਸ਼ਾਸਨ ਦੇ 'ਨਕਲ-ਮੁਕਤ ਪ੍ਰੀਖਿਆ' ਦੇ ਦਾਵਿਆਂ ਦੀ ਫੂਕ ਕੱਢ ਦਿੱਤੀ ਹੈ। ਇੱਥੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਪਹਿਲੇ ਹੀ ਦਿਨ ਅੰਗਰੇਜ਼ੀ ਦੇ ਪੇਪਰ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਰਿਸ਼ਤੇਦਾਰ ਹੀ ਉਨ੍ਹਾਂ ਨੂੰ ਨਕਲ ਕਰਵਾਉਣ ਲਈ ਕਾਲਜ ਦੀਆਂ ਕੰਧਾਂ ਅਤੇ ਖਿੜਕੀਆਂ 'ਤੇ ਚੜ੍ਹ ਗਏ। ਇਹ ਸਾਰੀ ਸ਼ਰਮਨਾਕ ਘਟਨਾ ਸਿੱਖਿਆ ਵਿਭਾਗ ਵੱਲੋਂ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਡਰੋਨ ਕੈਮਰੇ ਵਿੱਚ ਕੈਦ ਹੋ ਗਈ ਹੈ।
ਖਿੜਕੀਆਂ ਰਾਹੀਂ ਪਹੁੰਚਾਈਆਂ ਗਈਆਂ ਨਕਲ ਦੀਆਂ ਚਿੱਟਾਂ
ਜਾਣਕਾਰੀ ਅਨੁਸਾਰ, ਬੀੜ ਜ਼ਿਲ੍ਹੇ ਦੇ ਚੌਸਾਲਾ ਸਥਿਤ ਇੱਕ ਜੂਨੀਅਰ ਕਾਲਜ ਵਿੱਚ ਸੋਮਵਾਰ ਸਵੇਰੇ ਜਦੋਂ ਅੰਗਰੇਜ਼ੀ ਦਾ ਪੇਪਰ ਸ਼ੁਰੂ ਹੋਇਆ, ਤਾਂ ਪ੍ਰੀਖਿਆ ਕੇਂਦਰ ਦੇ ਬਾਹਰ ਅਸਧਾਰਨ ਹਲਚਲ ਦੇਖੀ ਗਈ। ਡਰੋਨ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਪੇ ਜਾਨ ਜ਼ੋਖ਼ਮ ਵਿੱਚ ਪਾ ਕੇ ਖਿੜਕੀਆਂ ਤੱਕ ਪਹੁੰਚ ਰਹੇ ਸਨ ਤਾਂ ਜੋ ਅੰਦਰ ਬੈਠੇ ਵਿਦਿਆਰਥੀਆਂ ਨੂੰ ਨਕਲ ਦੀਆਂ ਪਰਚੀਆਂ (ਚਿੱਟਾਂ) ਫੜਾਈਆਂ ਜਾ ਸਕਣ। ਦੱਸਿਆ ਜਾ ਰਿਹਾ ਹੈ ਕਿ ਕਾਲਜ ਦਾ ਪਰਿਸਰ ਖੁੱਲ੍ਹਾ ਹੋਣ ਕਾਰਨ ਬਾਹਰਲੇ ਲੋਕਾਂ ਲਈ ਵਿਦਿਆਰਥੀਆਂ ਤੱਕ ਪਹੁੰਚਣਾ ਆਸਾਨ ਹੋ ਗਿਆ।
ਡਰੋਨ ਦੇਖ ਕੇ ਭੱਜੇ ਲੋਕ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਡਰੋਨ ਕੈਮਰਾ ਨਕਲ ਕਰਵਾ ਰਹੇ ਲੋਕਾਂ ਦੇ ਨੇੜੇ ਪਹੁੰਚਿਆ, ਤਾਂ ਮੌਕੇ 'ਤੇ ਮੌਜੂਦ ਕਈ ਲੋਕ ਉੱਥੋਂ ਦੌੜਦੇ ਹੋਏ ਨਜ਼ਰ ਆਏ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠ ਰਹੇ ਹਨ।
ਦੋਸ਼ੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਅਧਿਕਾਰੀ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਰੋਨ ਨਿਗਰਾਨੀ ਰਾਹੀਂ ਅਜਿਹੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਮੰਨਿਆ ਕਿ ਪ੍ਰੀਖਿਆ ਕੇਂਦਰਾਂ 'ਤੇ ਸੁਰੱਖਿਆ ਅਤੇ ਨਿਗਰਾਨੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
