ਪਠਾਨਕੋਟ ਦੇ ਸਰਕਾਰੀ ਸਕੂਲ ’ਚ ਚੋਰੀ, ਚੋਰਾਂ ਨੇ cctv ਕੈਮਰੇ ਵੀ ਤੋੜੇ

Tuesday, Sep 29, 2026 - 03:21 PM (IST)

ਪਠਾਨਕੋਟ ਦੇ ਸਰਕਾਰੀ ਸਕੂਲ ’ਚ ਚੋਰੀ, ਚੋਰਾਂ ਨੇ cctv ਕੈਮਰੇ ਵੀ ਤੋੜੇ

ਪਠਾਨਕੋਟ (ਗੋਰਾਇਆ)- ਪਠਾਨਕੋਟ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਚੋਰੀ ਅਤੇ ਵੱਡੇ ਪੱਧਰ ’ਤੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਸਫਾਈ ਕਰਮਚਾਰੀ ਸਕੂਲ ਪਹੁੰਚੇ ਤਾਂ ਉਨ੍ਹਾਂ ਨੇ ਸਕੂਲ ਦੇ ਅੰਦਰ ਸਾਮਾਨ ਖਿਲਰਿਆ ਹੋਇਆ ਅਤੇ ਕਈ ਥਾਵਾਂ ’ਤੇ ਭੰਨਤੋੜ ਦੇ ਨਿਸ਼ਾਨ ਦੇਖੇ। ਇਸ ਸਬੰਧੀ ਸਕੂਲ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਸਕੂਲ ਇੰਚਾਰਜ ਵਿਵੇਕ ਗੁਪਤਾ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਣਪਛਾਤੇ ਚੋਰਾਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਉਖਾੜ ਦਿੱਤੇ ਅਤੇ ਉਨ੍ਹਾਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਹਾਲਾਂਕਿ ਇੱਕ ਕੈਮਰੇ ਦੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਧੁੰਦਲੀ ਤਸਵੀਰ ਕੈਦ ਹੋਣ ਦੀ ਜਾਣਕਾਰੀ ਮਿਲੀ ਹੈ।

ਚੋਰਾਂ ਵੱਲੋਂ ਸਕੂਲ ਦੇ ਵਾਟਰ ਕੂਲਰ ਦੀਆਂ ਟੂਟੀਆਂ, ਵਾਸ਼ਬੇਸਿਨ ਅਤੇ ਬਾਥਰੂਮ ਦੀਆਂ ਨਲੀਆਂ ਸਮੇਤ ਹੋਰ ਸਮਾਨ ਵੀ ਚੋਰੀ ਕੀਤਾ ਗਿਆ। ਇਸ ਤੋਂ ਇਲਾਵਾ ਸਾਇੰਸ ਲੈਬ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸਕੂਲ ਦੀਆਂ ਹੋਰ ਵਸਤਾਂ ਨਾਲ ਵੀ ਛੇੜਛਾੜ ਕੀਤੀ ਗਈ।

ਸਕੂਲ ਇੰਚਾਰਜ ਅਨੁਸਾਰ ਇਸ ਘਟਨਾ ਕਾਰਨ ਸਕੂਲ ਪ੍ਰਸ਼ਾਸਨ ਨੂੰ ਕਰੀਬ 15 ਤੋਂ 20 ਹਜ਼ਾਰ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਮਾਮਲੇ ਸਬੰਧੀ ਸਕੂਲ ਪ੍ਰਸ਼ਾਸਨ ਵੱਲੋਂ ਸਥਾਨਕ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਸਕੂਲ ਪ੍ਰਬੰਧਕਾਂ ਨੇ ਪੁਲਸ ਤੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸਕੂਲ ਇੰਚਾਰਜ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਕੂਲ ਦੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।


author

Shivani Bassan

Content Editor

Related News