ਪੈਰਾਡਾਈਜ਼ ਪੇਪਰਜ਼ ਧਮਾਕਾ : ਇਨ੍ਹਾਂ ਦੇ ਨਾਂ ਵੀ ਹਨ ਸੂਚੀ 'ਚ, ਐਪਲ ਮੰਨਿਆ ਤਬਦੀਲ ਕੀਤਾ ਚੋਖਾ ਧਨ

Wednesday, Nov 08, 2017 - 12:09 PM (IST)

ਨਵੀਂ ਦਿੱਲੀ - ਪਨਾਮਾ ਪੇਪਰਜ਼ ਤੋਂ ਬਾਅਦ ਪੈਰਾਡਾਈਜ਼ ਪੇਪਰਜ਼ ਨੇ ਨੋਟਬੰਦੀ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਇਕ ਵੱਡਾ ਖੁਲਾਸਾ ਕੀਤਾ ਹੈ। ਖੋਜੀ ਪੱਤਰਕਾਰਾਂ ਦੇ ਕੌਮਾਂਤਰੀ ਸੰਗਠਨ ਆਈ. ਸੀ. ਆਈ. ਜੇ. ਨੇ 2 ਅਜਿਹੀਆਂ ਕੰਪਨੀਆਂ ਦੇ ਦਸਤਾਵੇਜ਼ ਲੀਕ ਕੀਤੇ ਹਨ, ਜੋ ਦੁਨੀਆ ਭਰ ਦੇ ਅਮੀਰ ਅਤੇ ਤਾਕਤਵਰ ਲੋਕਾਂ ਨੂੰ ਸਲਾਹ ਦਿੰਦੀਆਂ ਹਨ। 


ਇਨ੍ਹਾਂ ਦਸਤਾਵੇਜ਼ਾਂ 'ਚ ਜੋ ਨਾਮ ਸਾਹਮਣੇ ਆਏ ਹਨ ਜਾਣੋ ਉਨ੍ਹਾਂ ਦੇ ਨਾਂ

ਨੈੱਟਵਰਕ-18
ਪੈਰਾਡਾਈਜ਼ ਪੇਪਰਜ਼ ਲੀਕ ਵਿਚ ਰਾਘਵ ਬਹਿਲ ਦੇ ਨੈੱਟਵਰਕ-18 ਦਾ ਨਾਂ ਵੀ ਸ਼ਾਮਲ ਹੈ। ਦਸਤਾਵੇਜ਼ਾਂ ਮੁਤਾਬਕ ਰਾਘਵ ਬਹਿਲ ਦੀ ਇਸ ਕੰਪਨੀ ਦੀ ਬੈਲੇਂਸ ਸ਼ੀਟ ਦੇ ਨਾਲ ਤਿੰਨ ਹੋਰ ਕੰਪਨੀਆਂ ਨੂੰ ਸਹਿਯੋਗੀ ਕੰਪਨੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ। ਦੱਸਣਯੋਗ ਹੈ ਕਿ 2014 ਵਿਚ ਨੈੱਟਵਰਕ-18 ਦੀ ਭਾਈਵਾਲੀ ਰਿਲਾਇੰਸ ਇੰਡਸਟਰੀਜ਼ ਨੇ ਖਰੀਦ ਲਈ ਸੀ। 2007 ਵਿਚ ਅਮਰੀਕੀ ਮੀਡੀਆ ਕੰਪਨੀ ਬਾਇਓਕਾਮ ਦੇ ਨਾਲ ਰਾਘਵ ਬਹਿਲ ਦੀ ਕੰਪਨੀ ਨੈੱਟਵਰਕ-18 ਨੇ 50-50 ਫੀਸਦੀ ਦੀ ਭਾਈਵਾਲੀ ਦੇ ਨਾਲ ਸਾਂਝੇ ਤੌਰ 'ਤੇ ਬਾਇਓਕਾਮ-18 ਨਾਂ ਦੀ ਇਕ ਕੰਪਨੀ ਲਾਂਚ ਕੀਤੀ। ਇਸ ਤੋਂ ਇਲਾਵਾ ਇਸ ਕੰਪਨੀ ਦੀਆਂ ਕਈ ਸਹਿਯੋਗੀ ਕੰਪਨੀਆਂ ਨੂੰ ਕਈ ਟੈਕਸ ਹੈਵਨ ਦੇਸ਼ਾਂ ਵਿਚ ਐਪਲ-ਬੀ ਵਲੋਂ ਨਿਗਮਿਤ ਕੀਤਾ ਗਿਆ।
ਸਨ ਟੀ. ਵੀ. ਕੰਪਨੀ
ਇਸ ਪੇਪਰਜ਼ ਲੀਕ ਵਿਚ ਸਨ ਟੀ. ਵੀ. ਕੰਪਨੀ ਦੇ ਮਾਲਕ ਕਲਾਨਿਧੀ ਮਾਰਨ ਦਾ ਨਾਂ ਵੀ ਹੈ। ਐਪਲ-ਬੀ ਦੇ ਦਸਤਾਵੇਜ਼ਾਂ ਮੁਤਾਬਕ ਮਲੇਸ਼ੀਆਈ ਕੰਪਨੀ ਐਸਟਰੋ ਨੇ ਕਲਾਨਿਧੀ ਦੀ ਕੰਪਨੀ ਦੇ 20 ਫੀਸਦੀ ਸ਼ੇਅਰ ਖਰੀਦਣ ਲਈ ਲੱਗਭਗ 122 ਮਿਲੀਅਨ ਡਾਲਰ ਦੀ ਰਕਮ ਅਦਾ ਕੀਤੀ ਸੀ। ਮਲੇਸ਼ੀਆ ਦੀ ਇਹ ਐਸਟਰੋ ਕੰਪਨੀ ਬਰਮੁੱਡਾ ਵਿਖੇ ਐਸਟਰੋ ਓਵਰਸੀਜ਼ ਲਿਮਟਿਡ ਦੇ ਨਾਂ ਨਾਲ ਰਜਿਸਟਰਡ ਹੈ। ਐਪਲ-ਬੀ ਦੇ ਦਸਤਾਵੇਜ਼ਾਂ ਵਿਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਐਸਟਰੋ ਨਾਂ ਦੀ ਇਸ ਕੰਪਨੀ ਨੇ ਸਨ ਡਾਇਰੈਕਟ ਨਾਂ ਦੀ ਮੀਡੀਆ ਕੰਪਨੀ ਵਿਚ 122 ਮਿਲੀਅਨ ਡਾਲਰ ਦਾ ਨਿਵੇਸ਼ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਕੀਤਾ ਅਤੇ ਦਯਾਨਿਧੀ ਮਾਰਨ ਨੂੰ ਲਾਭ ਪਹੁੰਚਾਇਆ।
ਐੱਨ. ਡੀ. ਟੀ. ਵੀ.
ਸਨ ਟੀ. ਵੀ. ਦੇ ਨਾਲ ਵਿੱਤੀ ਲੈਣ-ਦੇਣ ਦੀ ਦੋਸ਼ੀ ਮਲੇਸ਼ੀਆਈ ਕੰਪਨੀ ਐਸਟਰੋ ਦੇ ਨਾਲ ਐੱਨ. ਡੀ. ਟੀ. ਵੀ. ਦੇ ਲੈਣ-ਦੇਣ ਦੀ ਗੱਲ ਦਾ ਵੀ ਖੁਲਾਸਾ ਹੋਇਆ ਹੈ। ਦਸਤਾਵੇਜ਼ਾਂ ਮੁਤਾਬਕ ਐਸਟਰੋ ਕੰਪਨੀ ਨਾਲ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੇ 2008 ਵਿਚ ਸ਼ੇਅਰ ਸਬਸਕ੍ਰਿਪਸ਼ਨ ਸਮਝੌਤਾ ਕੀਤਾ, ਉਨ੍ਹਾਂ ਵਿਚ ਐੱਨ. ਡੀ. ਟੀ. ਵੀ. ਦਾ ਨਾਂ ਵੀ ਹੈ। ਦਸਤਾਵੇਜ਼ਾਂ ਵਿਚ ਐੱਨ. ਡੀ. ਟੀ. ਵੀ. ਨੇ ਜੋ ਆਪਣਾ ਪਤਾ ਦਰਜ ਕਰਵਾਇਆ ਹੈ, ਉਹ ਨੋਇਡਾ ਦੀ  ਬਜਾਏ ਓਖਲਾ ਇੰਡਸਟਰੀਅਲ ਏਰੀਆ ਦਾ ਹੈ।
ਇਨ੍ਹਾਂ ਭਾਰਤੀ ਕੰਪਨੀਆਂ ਦੇ ਨਾਂ ਹਨ ਸ਼ਾਮਲ
ਪੈਰਾਡਾਈਜ਼ ਪੇਪਰਜ਼ ਮੁਤਾਬਕ ਪੂਰੀ ਰਿਪੋਰਟ ਵੱਖ-ਵੱਖ ਕਿਸ਼ਤਾਂ ਵਿਚ ਸਾਹਮਣੇ ਲਿਆਂਦੀ ਜਾਵੇਗੀ। ਹੁਣ ਤੱਕ ਹੋਏ ਖੁਲਾਸੇ ਮੁਤਾਬਕ ਐਪਲ-ਬੀ ਅਤੇ ਏਸ਼ੀਆ ਸਿਟੀ ਦੀਆਂ ਸੇਵਾਵਾਂ ਲੈਣ ਵਾਲੀਆਂ ਕਈ ਭਾਰਤੀ ਕੰਪਨੀਆਂ ਦੇ ਖੁਲਾਸੇ ਹੋਏ ਹਨ। ਇਹ ਕੰਪਨੀਆਂ ਹਨ-ਜੀ. ਐੱਮ. ਆਰ. ਗਰੁੱਪ, ਜਿੰਦਲ ਸਟੀਲ, ਹੈਵਲਸ, ਹਿੰਦੂਜਾ ਗਰੁੱਪ, ਅਪੋਲੋ ਟਾਇਰਜ਼, ਐਸਾਰ, ਐੱਮ. ਜੀ. ਐੱਫ., ਵੀਡੀਓਕਾਨ, ਡੀ. ਐੱਸ. ਕੰਸਟਰੱਕਸ਼ਨ ਅਤੇ ਹੀਰਾ ਨੰਦਾਨੀ ਗਰੁੱਪ। 
ਐਪਲ ਨੇ ਮੰਨਿਆ ਬਾਹਰ ਤਬਦੀਲ ਕੀਤਾ ਚੋਖਾ ਧਨ
ਪੈਰਾਡਾਈਜ਼ ਪੇਪਰਜ਼ ਦੇ ਦਸਤਾਵੇਜ਼ਾਂ ਮੁਤਾਬਕ ਪ੍ਰਮੁੱਖ ਟੈਕਨਾਲੋਜੀ ਕੰਪਨੀ ਐਪਲ ਨੇ ਵਿਦੇਸ਼ਾਂ ਵਿਚ ਕਮਾਏ ਆਪਣੇ ਮੁਨਾਫੇ ਦੀ ਵੱਡੀ ਰਕਮ ਆਇਰਲੈਂਡ ਤੋਂ ਬ੍ਰਿਟਿਸ਼ ਆਇਲ  ਵਿਚ ਤਬਦੀਲ ਕੀਤੀ, ਜਿਸ ਨੂੰ ਟੈਕਸ ਚੋਰੀ ਪੱਖੋਂ ਸ਼ਰਨਗਾਹ ਮੰਨਿਆ ਜਾਂਦਾ ਹੈ। ਐਪਲ ਨੇ ਇਕ ਆਨਲਾਈਨ ਪੋਸਟ ਵਿਚ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਅਧੀਨ ਉਸ ਨੇ ਇਹ ਯਕੀਨੀ ਕੀਤਾ ਕਿ ਅਮਰੀਕਾ ਵਿਚ ਉਸ ਦੀਆਂ ਟੈਕਸ ਜ਼ਿੰਮੇਵਾਰੀਆਂ ਅਤੇ ਭੁਗਤਾਨ ਵਿਚ ਕੋਈ ਕਮੀ ਨਾ ਹੋਵੇ। ਅਮਰੀਕਾ ਦੀ ਇਸ ਪ੍ਰਮੁੱਖ ਟੈਕਨਾਲੋਜੀ ਵਾਲੀ  ਕੰਪਨੀ ਨੇ 2013 ਵਿਚ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਆਪਣੇ ਟੈਕਸਾਂ ਦਾ ਸਮੁੱਚਾ ਭੁਗਤਾਨ ਕਰ ਰਹੀ ਹੈ। ਇਸ ਤੋਂ ਬਾਅਦ ਉਸਨੇ ਆਪਣੀ ਵਿਦੇਸ਼ੀ ਨਕਦੀ ਦਾ ਇਕ ਵੱਡਾ ਹਿੱਸਾ ਚੈਨਲ ਆਈਲੈਂਡ ਕੇਜਰਸੀ ਵਿਚ ਤਬਦੀਲ ਕਰ ਦਿੱਤਾ।
ਆਮਦਨ ਕਰ ਰਿਟਰਨ ਦੀ ਹੋਵੇਗੀ ਜਾਂਚ
ਸੀ. ਬੀ. ਡੀ. ਟੀ. ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਆਮਦਨ ਕਰ ਵਿਭਾਗ ਦੀਆਂ ਜਾਂਚ ਇਕਾਈਆਂ ਨੂੰ ਇਨ੍ਹਾਂ ਸੂਚਨਾਵਾਂ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਾਰੇ ਪੈਰਾਡਾਈਜ਼ ਪੇਪਰਜ਼ ਵਿਚ ਭਾਰਤ ਦੀਆਂ ਜਿਨ੍ਹਾਂ 714 ਇਕਾਈਆਂ ਦੇ ਨਾਂ ਆਏ ਹਨ, ਦੀਆਂ ਆਮਦਨ ਕਰ ਰਿਟਰਨਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਲੋੜ ਪੈਣ 'ਤੇ ਢੁੱਕਵੀਂ ਕਾਰਵਾਈ ਹੋਵੇਗੀ।

 


Related News