ਰਾਮ ਨੌਮੀ ''ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ
Sunday, Apr 06, 2025 - 02:44 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨੌਮੀ ਦੇ ਖ਼ਾਸ ਮੌਕੇ ਤਾਮਿਲਨਾਡੂ ਦੇ ਰਾਮੇਸ਼ਵਰਮ 'ਚ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ। ਇਹ ਪੁਲ ਰਾਮੇਸ਼ਵਰਮ ਦੀਪ ਅਤੇ ਭੂਮੀ ਖੇਤਰ ਵਿਚਾਲੇ ਰੇਲ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਕ ਤੱਟ ਰੱਖਿਅਕ ਪੋਤ ਨੂੰ ਵੀ ਹਰੀ ਝੰਡੀ ਵਿਖਾਈ, ਜੋ ਪੁਲ ਦੇ ਹੇਠਾਂ ਤੋਂ ਲੰਘਦਾ ਹੈ।
550 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਇਹ ਭਾਰਤ ਦਾ ਪਹਿਲਾ ਵਰਟੀਕਲ ਸੀ-ਲਿਫਟ ਪੁਲ ਹੈ। ਲੱਗਭਗ 2.08 ਕਿਲੋਮੀਟਰ ਲੰਬੇ ਇਸ ਪੁਲ ਵਿਚ 99 ਸਪੈਨ ਅਤੇ 72.5 ਮੀਟਰ ਲੰਬਾ ਵਰਟੀਕਲ ਲਿਫਟ ਸਪੈਨ ਹੈ, ਜਿਸ ਨੂੰ 17 ਮੀਟਰ ਤੱਕ ਚੁੱਕਿਆ ਜਾ ਸਕਦਾ ਹੈ। ਇਹ ਵੱਡੇ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਦੇ ਨਾਲ-ਨਾਲ ਨਿਰਵਿਘਨ ਰੇਲ ਸੰਚਾਲਨ ਨੂੰ ਯਕੀਨੀ ਬਣਾਏਗਾ। ਪ੍ਰਧਾਨ ਮੰਤਰੀ ਨੇ ਇੱਥੇ ਨਵੀਂ ਰਾਮੇਸ਼ਵਰਮ-ਤਾਂਬਰਮ ਨਵੀਂ ਟਰੇਨ ਸੇਵਾ ਨੂੰ ਵੀ ਹਰੀ ਝੰਡੀ ਵਿਖਾਈ। ਇਸ ਟਰੇਨ ਸੇਵਾ ਨਾਲ ਯਾਤਰੀਆਂ ਨੂੰ ਯਾਤਰਾ ਕਰਨ ਵਿਚ ਆਸਾਨੀ ਹੋਵੇਗੀ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
#WATCH | Rameswaram, Tamil Nadu: PM Narendra Modi inaugurates New Pamban Bridge - India’s first vertical lift sea bridge and flags off Rameswaram-Tambaram (Chennai) new train service, on the occasion of #RamNavami2025
— ANI (@ANI) April 6, 2025
(Source: DD) pic.twitter.com/VjnOwt4Rpj
ਮੋਦੀ ਜੀ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਰਾਮ ਨੌਮੀ ਦੇ ਮੌਕੇ ਦੇਸ਼ ਵਾਸੀਆਂ ਲਈ ਇਕ ਖ਼ਾਸ ਤੋਹਫ਼ਾ ਹੈ। ਇਸ ਉਦਘਾਟਨ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਲ ਅਤੇ ਟਰੇਨ ਸੇਵਾ ਨਾ ਸਿਰਫ ਤਾਮਿਲਨਾਡੂ, ਸਗੋਂ ਪੂਰੇ ਦੇਸ਼ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹਣ ਵਾਲੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਪੂਰੇ ਖੇਤਰ ਵਿਚ ਸੈਰ-ਸਪਾਟਾ ਅਤੇ ਵਪਾਰ ਦੋਵਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸਥਾਨਕ ਲੋਕਾਂ ਨੂੰ ਵੀ ਫਾਇਦਾ ਹੋਵੇਗਾ।