ਨੂਪੁਰ ਸ਼ਰਮਾ ਦਾ ਕਤਲ ਕਰਨ ਪਾਕਿ ਤੋਂ ਆਇਆ ਘੁਸਪੈਠੀਆ ਗ੍ਰਿਫਤਾਰ, 11 ਇੰਚ ਲੰਬਾ ਚਾਕੂ ਅਤੇ ਮੈਪ ਮਿਲਿਆ

Wednesday, Jul 20, 2022 - 10:17 AM (IST)

ਨੂਪੁਰ ਸ਼ਰਮਾ ਦਾ ਕਤਲ ਕਰਨ ਪਾਕਿ ਤੋਂ ਆਇਆ ਘੁਸਪੈਠੀਆ ਗ੍ਰਿਫਤਾਰ, 11 ਇੰਚ ਲੰਬਾ ਚਾਕੂ ਅਤੇ ਮੈਪ ਮਿਲਿਆ

ਸ਼੍ਰੀਗੰਗਾਨਗਰ/ਜੈਪੁਰ (ਭਾਸ਼ਾ/ਅਸੀਜਾ)- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਰਾਜਸਥਾਨ ਵਿਚ ਇੰਟਰਨੈਸ਼ਨਲ ਬਾਰਡਰ ਤੋਂ ਘੁਸਪੈਠ ਕਰ ਰਹੇ ਇਕ ਪਾਕਿਸਾਤਨੀ ਨਾਗਰਿਕ ਨੂੰ ਫੜ੍ਹਿਆ। ਦੋਸ਼ੀ ਭਾਜਪਾ ਦੀ ਸਾਬਕਾ ਬੁਲਾਰਨ ਨੂਪੁਰ ਸ਼ਰਮਾ ਨੂੰ ਮਾਰਨ ਦੀ ਫਿਰਾਕ ਵਿਚ ਸੀ। ਉਸ ਕੋਲੋਂ ਕਈ ਸ਼ੱਕੀ ਵਸਤੂਆਂ ਮਿਲੀਆਂ ਹਨ। ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ, ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਮਿਲਟਰੀ ਏਜੰਸੀ ਦੀ ਸਾਂਝੀ ਟੀਮ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ 16 ਜੁਲਾਈ ਦੀ ਰਾਤ ਲਗਭਗ 11 ਵਜੇ ਸ਼੍ਰੀਗੰਗਾਨਗਰ ਜ਼ਿਲੇ ਨਾਲ ਲੱਗੇ ਹਿੰਦੂਮਲਕੋਟ ਬਾਰਡਰ ਫੈਂਸਿੰਗ ’ਤੇ ਸ਼ੱਕੀ ਵਿਅਕਤੀ ਘੁੰਮ ਰਿਹਾ ਸੀ। ਪੈਟਰੋਲਿੰਗ ਟੀਮ ਨੂੰ ਸ਼ੱਕ ਹੋਇਆ ਤਾਂ ਉਸ ਕੋਲੋਂ ਪੁੱਛਗਿੱਛ ਕੀਤੀ। ਉਹ ਸਹੀ ਜਵਾਬ ਨਹੀਂ ਦੇ ਸਕਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 2 ਚਾਕੂ ਮਿਲੇ, ਜਿਸ ਵਿਚ ਇਕ 11 ਇੰਚ ਦਾ ਤੇਜ਼ਧਾਰ ਚਾਕੂ ਸੀ। ਇਸ ਤੋਂ ਇਲਾਵਾ ਧਾਰਮਿਕ ਕਿਤਾਬਾਂ, ਮੈਪ, ਕੱਪੜੇ ਅਤੇ ਖਾਣੇ ਦਾ ਸਾਮਾਨ ਵੀ ਮਿਲਿਆ।

ਇਹ ਵੀ ਪੜ੍ਹੋ : ਸੇਵਾ ਦੌਰਾਨ ਦਿਵਿਆਂਗ ਹੋਣ ਵਾਲੇ ਜਵਾਨਾਂ ਦੇ ਹੱਕ 'ਚ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ

ਪੁੱਛ-ਗਿੱਛ ਵਿਚ ਦੋਸ਼ੀ ਨੇ ਆਪਣਾ ਨਾਂ ਰਿਜਵਾਨ ਅਸ਼ਰਫ ਦੱਸਿਆ ਹੈ। ਉਹ ਉੱਤਰੀ ਪਾਕਿਸਤਾਨ ਦੇ ਮੰਡੀ ਬਹਾਊਦੀਨ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਨੂਪੁਰ ਸ਼ਰਮਾ ਦੇ ਕਤਲ ਦੇ ਇਰਾਦੇ ਨਾਲ ਬਾਰਡਰ ਕ੍ਰਾਸ ਕੀਤਾ। ਸਾਜ਼ਿਸ਼ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਹ ਅਜਮੇਰ ਸ਼ਰੀਫ ਜਾਣ ਵਾਲਾ ਸੀ। ਬੀ. ਐੱਸ. ਐੱਫ. ਨੇ ਦੋਸ਼ੀ ਨੂੰ ਸਥਾਨਕ ਪੁਲਸ ਨੂੰ ਸੌਂਪ ਦਿੱਤਾ। ਪੁਲਸ ਨੇ ਉਸ ਨੂੰ ਸਥਾਨਕ ਕੋਰਟ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ 8 ਦਿਨ ਲਈ ਰਿਮਾਂਡ ’ਤੇ ਭੇਜ ਦਿੱਤਾ ਗਿਆ। ਐੱਸ. ਪੀ. ਆਨੰਦ ਸ਼ਰਮਾ ਨੇ ਦੱਸਿਆ ਘੁਸਪੈਠੀਏ ਨੇ ਪੁੱਛ-ਗਿੱਛ ਵਿਚ ਕਿਹਾ ਕਿ ਅੱਲ੍ਹਾ ਦੀ ਸ਼ਾਨ ਵਿਚ ਕੁਝ ਵੀ ਗਲਤ ਕਹਿਣ ਵਾਲੇ ਦਾ ਅੰਜ਼ਾਮ ਕਤਲ ਹੀ ਹੋਵੇਗਾ। ਅਸ਼ਰਫ ਪਾਕਿਸਤਾਨ ਦੇ ਇਕ ਕੱਟੜ ਅਤੇ ਕੱਟੜਪੰਥੀ ਸੰਗਠਨ ਤਹਿਰੀਕ-ਏ-ਲਬੈਕ ਦੀ ਵਿਚਾਰਧਾਰਾ ਤੋਂ ਕਾਫੀ ਪ੍ਰਭਾਵਿਤ ਹੈ। ਲਾਹੌਰ ਜ਼ਿਲ੍ਹੇ ਦੇ ਨਾਲ ਲੱਗਦੀ ਭਾਰਤੀ ਪੰਜਾਬ ਦੀ ਸਰਹੱਦ ਤੋਂ ਵੀ ਉਸ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News