''''ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...''''
Sunday, Apr 27, 2025 - 09:51 AM (IST)

ਇੰਟਰਨੈਸ਼ਨਲ ਡੈਸਕ- ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀਆਂ ਨੇ ਧਰਮ ਪੁੱਛ ਕੇ 26 ਟੂਰਿਸਟਾਂ ਦੀ ਜਾਨ ਲੈ ਲਈ ਸੀ। ਇਸ ਹਮਲੇ ਮਗਰੋਂ ਦੋਵਾਂ ਦੇਸ਼ਾਂ ਨੇ ਇਕ-ਦੂਜੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਖ਼ਤ ਫ਼ੈਸਲੇ ਲਏ ਹਨ। ਭਾਰਤ ਨੇ ਜਿੱਥੇ ਪਾਕਿਸਤਾਨ ਨਾਲ 1960 'ਚ ਹੋਈ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਹੈ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੇ ਮੁਲਕ ਵਾਪਸ ਚਲੇ ਜਾਣ ਦਾ ਹੁਕਮ ਸੁਣਾ ਦਿੱਤਾ ਹੈ, ਉੱਥੇ ਹੀ ਪਾਕਿਸਤਾਨ ਨੇ ਭਾਰਤ ਲਈ ਆਪਣਾ ਏਅਰਬੇਸ ਬੰਦ ਕਰ ਦਿੱਤਾ ਹੈ।
ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਵੀ ਕਾਫ਼ੀ ਤਲਖ਼ ਹੋ ਗਏ ਹਨ ਤੇ ਦੋਵਾਂ ਦੇਸ਼ਾਂ ਦੇ ਆਗੂਆਂ ਵੱਲੋਂ ਸਖ਼ਤ ਬਿਆਨਬਾਜ਼ੀ ਲਗਾਤਾਰ ਜਾਰੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਰੇਲ ਮੰਤਰੀ ਹਨੀਫ਼ ਅੱਬਾਸੀ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਸਾਡੀਆਂ ਸਾਰੀਆਂ ਮਿਜ਼ਾਈਲਾਂ ਭਾਰਤ ਵੱਲ ਹਮਲੇ ਲਈ ਤਿਆਰ ਹਨ। ਜੇਕਰ ਭਾਰਤ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੀ ਹਿੰਮਤ ਕੀਤੀ ਤਾਂ ਉਸ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ- ਅੱਤਵਾਦੀਆਂ ਦੀ ਇਕ ਹੋਰ 'ਨਾ'ਪਾਕ' ਹਰਕਤ ! ਸੋਸ਼ਲ ਵਰਕਰ ਨੂੰ ਘਰ 'ਚ ਵੜ ਕੇ ਮਾਰ'ਤੀ ਗੋਲ਼ੀ
ਅੱਬਾਸੀ ਨੇ ਅੱਗੇ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਸਭ ਤੋਂ ਤਾਕਤਵਰ ਪ੍ਰਮਾਣੂ ਹਥਿਆਰ ਹੈ। ਅਸੀਂ ਆਪਣੇ 130 ਦੇ ਕਰੀਬ ਪ੍ਰਮਾਣੂ ਬੰਬ ਸਿਰਫ਼ ਭਾਰਤ ਲਈ ਹੀ ਰੱਖੇ ਹਨ। ਅਸੀਂ ਕੂਟਨੀਤਿਕ ਕੋਸ਼ਿਸ਼ਾਂ ਦੇ ਨਾਲ-ਨਾਲ ਸੁਰੱਖਿਆ ਦੀ ਵੀ ਪੂਰੀ ਤਿਆਰੀ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਪਹਿਲਗਾਮ ਹਮਲੇ ਮਗਰੋਂ ਕਿਸੇ ਪਾਕਿਸਾਤਨੀ ਮੰਤਰੀ ਨੇ ਭਾਰਤ ਖ਼ਿਲਾਫ਼ ਜ਼ਹਿਰ ਉਗਲ਼ਿਆ ਹੋਵੇ। ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਪਹਿਲਗਾਮ 'ਚ ਹਮਲਾ ਕਰ ਬੇਕਸੂਰਾਂ ਦੀ ਜਾਨ ਲੈਣ ਵਾਲੇ ਅੱਤਵਾਦੀਆਂ ਨੂੰ ਆਜ਼ਾਦੀ ਘੁਲਾਟੀਏ ਦੱਸਿਆ ਸੀ। ਇਸ ਤੋਂ ਇਲਾਵਾ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਵੀ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਮਗਰੋਂ ਕਿਹਾ ਸੀ ਕਿ ਸਿੰਧੂ 'ਚ ਜਾਂ ਤਾਂ ਸਾਡਾ ਪਾਣੀ ਵਗੇਗਾ ਜਾਂ ਉਨ੍ਹਾਂ ਦਾ ਖ਼ੂਨ। ਦੇਖਣਾ ਹੋਵੇਗਾ ਕਿ ਹੁਣ ਪਾਕਿ ਰੇਲਵੇ ਮੰਤਰੀ ਦੇ ਪ੍ਰਮਾਣੂ ਹਥਿਆਰਾਂ ਦੀ ਧਮਕੀ ਦਾ ਭਾਰਤ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- 'ਮੈਂ ਪਾਕਿਸਤਾਨ ਦੀ ਧੀ, ਪਰ ਭਾਰਤ ਦੀ ਤਾਂ ਨੂੰਹ ਹਾਂ...', ਦੇਸ਼ ਛੱਡਣ ਦੇ ਹੁਕਮ ਮਗਰੋਂ ਬੋਲੀ ਸਚਿਨ ਦੀ 'ਸੀਮਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e