POK ’ਚ ਲੋਕਾਂ ’ਤੇ ਅੱਤਿਆਚਾਰ ਲਈ ਪਾਕਿਸਤਾਨ ਨੂੰ ਅੰਜਾਮ ਭੁਗਤਣਾ ਪਵੇਗਾ : ਰਾਜਨਾਥ ਸਿੰਘ
Thursday, Oct 27, 2022 - 06:06 PM (IST)

ਸ਼੍ਰੀਨਗਰ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਆਪਣੇ ਕਬਜ਼ੇ ਵਾਲੇ ਕਸ਼ਮੀਰ ’ਚ ਲੋਕਾਂ 'ਤੇ ਅੱਤਿਆਚਾਰ ਕਰ ਰਿਹਾ ਹੈ ਅਤੇ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ਮੁੜ ਹਾਸਲ ਕਰਨ ਦਾ ਸੰਕੇਤ ਦਿੰਦੇ ਹੋਏ, ਰੱਖਿਆ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵਿਕਾਸ ਦਾ ਟੀਚਾ ਪੀ.ਓ.ਕੇ. ਦੇ 'ਗਿਲਗਿਤ ਅਤੇ ਬਾਲਟਿਸਤਾਨ ਤੱਕ ਪਹੁੰਚਣ ਤੋਂ ਬਾਅਦ' ਹੀ ਹਾਸਲ ਕੀਤਾ ਜਾਵੇਗਾ।'' 'ਸ਼ੌਰਿਆ ਦਿਵਸ' ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਿੰਘ ਨੇ ਕਿਹਾ,''ਅਸੀਂ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵਿਕਾਸ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਜਦੋਂ ਅਸੀਂ ਗਿਲਗਿਤ ਅਤੇ ਬਾਲਟਿਸਤਾਨ ਪਹੁੰਚਾਂਗੇ ਤਾਂ ਸਾਡਾ ਟੀਚਾ ਪੂਰਾ ਹੋ ਜਾਵੇਗਾ।''
ਭਾਰਤੀ ਹਵਾਈ ਫ਼ੌਜ ਦੇ 1947 'ਚ ਅੱਜ ਹੀ ਦਿਨ ਸ਼੍ਰੀਨਗਰ ਪਹੁੰਚਣ ਦੀ ਘਟਨਾ ਦੀ ਯਾਦ 'ਚ 'ਸ਼ੌਰਿਆ ਦਿਵਸ' ਮਨਾਇਆ ਜਾਂਦਾ ਹੈ। ਮਕਬੂਜ਼ਾ ਕਸ਼ਮੀਰ ਦੇ ਲੋਕਾਂ 'ਤੇ ਪਾਕਿਸਤਾਨ ਦੁਆਰਾ ਕੀਤੇ ਗਏ 'ਅੱਤਿਆਚਾਰਾਂ' ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਗੁਆਂਢੀ ਦੇਸ਼ ਨੂੰ ਨਤੀਜੇ ਭੁਗਤਣੇ ਪੈਣਗੇ। ਰੱਖਿਆ ਮੰਤਰੀ ਨੇ ਕਿਹਾ,''ਪੀ.ਓ.ਕੇ. 'ਚ ਲੋਕਾਂ ਦਾ ਦਰਦ ਸਾਨੂੰ ਵੀ ਪਰੇਸ਼ਾਨ ਕਰਦਾ ਹੈ, ਸਿਰਫ਼ ਉਨ੍ਹਾਂ ਨੂੰ ਹੀ ਨਹੀਂ ਕਰਦਾ।'' ਉਨ੍ਹਾਂ ਕਿਹਾ,''ਜੰਮੂ ਕਸ਼ਮੀਰ ਨੇ ਕਸ਼ਮੀਰੀਅਤ ਦੇ ਨਾਮ 'ਤੇ ਅੱਤਵਾਦ ਦਾ ਜੋ ਤਾਂਡਵ ਦੇਖਿਆ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।'' ਰਾਜਨਾਥ ਸਿੰਘ ਨੇ ਕਿਹਾ,''ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਅੱਤਵਾਦੀਆਂ ਦਾ ਇਕਮਾਤਰ ਉਦੇਸ਼ ਭਾਰਤ ਨੂੰ ਨਿਸ਼ਾਨਾ ਬਣਾਉਣਾ ਹੈ।'' ਉਨ੍ਹਾਂ ਕਿਹਾ,"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਖ਼ਿਲਾਫ਼ ਭੇਦਭਾਵ ਖ਼ਤਮ ਹੋ ਗਿਆ।''