ਭਾਰਤ ਨਾਲੋਂ ਵਪਾਰ ਸਬੰਧ ਤੋੜਣ ’ਤੇ ਖੁਦ ਬਰਬਾਦ ਹੋ ਜਾਵੇਗਾ ਪਾਕਿਸਤਾਨ

08/09/2019 12:37:47 PM

ਨਵੀਂ ਦਿੱਲੀ — ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤ ਦੇ ਨਾਲ ਦੋ-ਪਾਸੜ ਵਪਾਰ ਸਬੰਧ ਤੋੜਣ ਦਾ ਫੈਸਲਾ ਕੀਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਪਾਕਿਸਤਾਨ ਖੁਦ ਹੀ ਬਰਬਾਦ ਹੋ ਜਾਵੇਗਾ ਅਤੇ ਉਹ ਕਿਤੇ ’ਤੇ ਵੀ ਆਪਣਾ ਸਾਮਾਨ ਨਹੀਂ ਵੇਚ ਸਕੇਗਾ। ਜਾਣਕਾਰਾਂ ਅਨੁਸਾਰ ਵਪਾਰਕ ਸਬੰਧ ਟੁੱਟਣ ਨਾਲ ਭਾਰਤ ’ਤੇ ਕੋਈ ਅਸਰ ਨਹੀਂ ਪਵੇਗਾ। ਇਸ ਦਾ ਕਾਰਣ ਇਹ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਬਰਾਮਦ ਬੰਦ ਕਰ ਦਿੱਤੀ ਹੈ, ਨਾਲ ਹੀ ਪਾਕਿਸਤਾਨ ਤੋਂ ਦਰਾਮਦ ਹੋਣ ਵਾਲੇ ਸਾਮਾਨਾਂ ’ਤੇ 200 ਫ਼ੀਸਦੀ ਦੀ ਡਿਊਟੀ ਵਸੂਲਦਾ ਹੈ।

ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਫਿਓ) ਦੇ ਡਾਇਰੈਕਟਰ ਜਨਰਲ ਅਜੈ ਸਹਾਏ ਦਾ ਕਹਿਣਾ ਹੈ ਕਿ ਵਪਾਰ ਸਬੰਧ ਤੋੜਣ ਨਾਲ ਭਾਰਤ ਦੇ ਮੁਕਾਬਲੇ ਪਾਕਿਸਤਾਨ ’ਤੇ ਹੀ ਅਸਰ ਪਵੇਗਾ। ਇਸ ਦਾ ਕਾਰਣ ਇਹ ਹੈ ਕਿ ਭਾਰਤ ਪਾਕਿਸਤਾਨ ’ਤੇ ਜ਼ਿਆਦਾ ਨਿਰਭਰ ਨਹੀਂ ਹੈ। ਸਹਾਏ ਦਾ ਕਹਿਣਾ ਹੈ ਕਿ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਨਾ ਦਿੱਤੇ ਜਾਣ ਕਾਰਣ ਭਾਰਤ ਪਾਕਿਸਤਾਨ ਨੂੰ ਗਿਣੀਆਂ-ਚੁਣੀਆਂ ਵਸਤਾਂ ਦੀ ਬਰਾਮਦ ਕਰਦਾ ਹੈ। ਇਸ ਦੀ ਬਜਾਏ ਸਾਊਥ ਏਸ਼ੀਆ ਅਤੇ ਮਿਡਲ ਈਸਟ ਦੇ ਦੇਸ਼ਾਂ ਨੂੰ ਜ਼ਿਆਦਾ ਬਰਾਮਦ ਕੀਤੀ ਜਾਂਦੀ ਹੈ। ਇੰਡੀਅਨ ਇੰਸਟੀਚਿਊਟ ਆਫ ਫਾਰੇਨ ਟ੍ਰੇਡ ਦੇ ਪ੍ਰੋਫੈਸਰ ਰਾਕੇਸ਼ ਮੋਹਨ ਜੋਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਇਹ ਫ਼ੈਸਲਾ ਉਸ ਦੇ ਹੀ ਕਾਰੋਬਾਰ ’ਤੇ ਅਸਰ ਪਾਵੇਗਾ।

PunjabKesari

ਪਿਛਲੇ ਸਾਲ ਭਾਰਤ-ਪਾਕਿਸਤਾਨ ਵਿਚਾਲੇ 18,000 ਕਰੋਡ਼ ਦਾ ਹੋਇਆ ਕਾਰੋਬਾਰ

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿੱਤੀ ਸਾਲ 2018-19 ’ਚ ਲਗਭਗ 18,000 ਕਰੋਡ਼ ਰੁਪਏ ਦਾ ਕਾਰੋਬਾਰ ਹੋਇਆ ਸੀ। ਇਸ ’ਚ ਭਾਰਤ ਦੀ ਬਰਾਮਦ 80 ਫ਼ੀਸਦੀ ਅਤੇ ਦਰਾਮਦ ਸਿਰਫ 20 ਫ਼ੀਸਦੀ ਸੀ। ਇਸ ਵਿੱਤੀ ਸਾਲ ’ਚ ਬਰਾਮਦ 7.4 ਫ਼ੀਸਦੀ ਵਧ ਕੇ 2 ਅਰਬ ਡਾਲਰ ’ਤੇ ਪਹੁੰਚ ਗਈ ਸੀ। 2018-19 ’ਚ ਪਾਕਿਸਤਾਨ ਤੋਂ ਦਰਾਮਦ 47 ਫ਼ੀਸਦੀ ਘਟ ਕੇ 5.36 ਕਰੋਡ਼ ਡਾਲਰ ਰਹੀ ਸੀ, ਜਦੋਂ ਕਿ ਭਾਰਤ ਦੀ ਬਰਾਮਦ ਵੀ 32 ਫ਼ੀਸਦੀ ਘਟ ਕੇ 17.13 ਕਰੋਡ਼ ਡਾਲਰ ਰਹੀ ਸੀ।

ਭਾਰਤ ਨੂੰ ਇਹ ਸਾਮਾਨ ਭੇਜਦਾ ਹੈ ਪਾਕਿਸਤਾਨ

ਪਾਕਿਸਤਾਨ ਵੱਲੋਂ ਭਾਰਤ ਨੂੰ 19 ਪ੍ਰਮੁੱਖ ਉਤਪਾਦਾਂ ਦੀ ਬਰਾਮਦ ਕੀਤੀ ਜਾਂਦੀ ਹੈ। ਇਸ ’ਚ ਪ੍ਰਮੁੱਖ ਤੌਰ ’ਤੇ ਤਾਜ਼ੇ ਫ਼ਲ, ਸੀਮੈਂਟ, ਡਰਾਈ ਫਰੂਟ, ਵੱਡੇ ਪੱਧਰ ’ਤੇ ਖਣਿਜ ਅਤੇ ਅਲੋਹ ਧਾਤੂ, ਤਿਆਰ ਚਮਡ਼ਾ, ਅਕਾਰਬਨਿਕ ਰਸਾਇਣ, ਕੱਚੀ ਕਪਾਹ, ਮਸਾਲੇ, ਉਨ, ਰਬੜ ਉਤਪਾਦ, ਪੀਣ ਯੋਗ ਅਲਕੋਹਲ, ਮੈਡੀਕਲ ਉਪਕਰਨ, ਸਮੁੰਦਰੀ ਸਾਮਾਨ, ਪਲਾਸਟਿਕ ਅਤੇ ਖੇਡਾਂ ਦਾ ਸਾਮਾਨ ਅਤੇ ਤਾਜ਼ੇ ਫਲਾਂ ’ਚ ਅਮਰੂਦ, ਅੰਬ ਅਤੇ ਅਨਾਨਾਸ ਸ਼ਾਮਲ ਹਨ।


Related News