ਭਾਰਤੀ ਚੋਣਾਂ ਦੇ ਨਤੀਜੇ ਨੂੰ ਲੈ ਕੇ ਪਾਕਿਸਤਾਨ ਬੇਚੈਨ, ਜਾਣੋ ਕੀ ਹੈ ਹਲਚਲ
Wednesday, May 22, 2019 - 11:22 AM (IST)

ਇਸਲਾਮਾਬਾਦ— ਭਾਰਤ 'ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ, ਜਿਨ੍ਹਾਂ 'ਤੇ ਗੁਆਂਢੀ ਦੇਸ਼ ਪਾਕਿਸਤਾਨ ਵੀ ਨਜ਼ਰ ਬਣਾ ਕੇ ਬੈਠਾ ਹੈ। ਦੋਹਾਂ ਦੇਸ਼ਾਂ ਵਿਚਕਾਰ ਬਾਰਡਰ 'ਤੇ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਦੀ ਚੋਣ ਨਤੀਜਿਆਂ 'ਚ ਦਿਲਚਸਪੀ ਹੈਰਾਨ ਨਹੀਂ ਕਰਦੀ। ਇਸ ਦੇ ਇਲਾਵਾ ਪਾਕਿਸਤਾਨ 'ਚ ਰਹਿਣ ਵਾਲੇ ਕਈ ਲੋਕਾਂ ਦੇ ਭਾਰਤ 'ਚ ਪਰਿਵਾਰਕ ਸਬੰਧ ਵੀ ਹਨ। ਪਾਕਿਸਤਾਨ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਨਰਿੰਦਰ ਮੋਦੀ ਦੋਬਾਰਾ ਸੱਤਾ 'ਚ ਆਉਣ। ਇਸ ਦੇ ਪਿੱਛੇ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ 'ਚ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਘਬਰਾਹਟ ਮੰਨੀ ਜਾ ਰਹੀ ਹੈ।
ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਦੀ ਵਾਪਸੀ ਦੇ ਬਾਰੇ ਉੱਥੋਂ ਦੇ ਟੀ.ਵੀ. ਨਿਊਜ਼ ਚੈਨਲਾਂ ਰਾਹੀਂ ਆਪਣੀ ਰਾਇ ਸਾਂਝੀ ਕਰ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਰਹੇ ਹਨ। ਲਾਹੌਰ ਦੇ ਰਹਿਣ ਵਾਲੇ ਸ਼ਾਹੀ ਆਲਮ ਨੇ ਇਕ ਪਾਕਿਸਤਾਨੀ ਟੀ.ਵੀ. ਚੈਨਲ ਨੂੰ ਕਿਹਾ, 'ਮੋਦੀ ਸੱਤਾ 'ਚ ਨਹੀਂ ਆਉਣੇ ਚਾਹੀਦੇ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕਰਵਾਈ ਸੀ।''
ਇਕ ਹੋਰ ਵਿਅਕਤੀ ਏਜਾਜ਼ ਨੇ ਕਿਹਾ, ''ਮੈਨੂੰ ਮੋਦੀ ਦੇ ਬਹੁਮਤ ਨਾਲ ਦੋਬਾਰਾ ਸੱਤਾ 'ਚ ਆਉਣ 'ਤੇ ਸ਼ੱਕ ਹੈ। ਮੈਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਬਹੁਮਤ ਨਹੀਂ ਮਿਲੇਗਾ ਜੋ ਪਾਕਿਸਤਾਨ ਲਈ ਚੰਗਾ ਹੋਵੇਗਾ।'' ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਜੇਕਰ ਮੋਦੀ 2019 ਦੀ ਚੋਣ ਜਿੱਤਦੇ ਹਨ ਤਾਂ ਦੋਹਾਂ ਵਿਚਕਾਰ ਸ਼ਾਂਤੀਵਾਰਤਾ ਦੇ ਮੌਕੇ ਵਧੀਆ ਹੋਣਗੇ।
ਲੰਡਨ 'ਚ ਰਹਿਣ ਵਾਲੇ ਪਾਕਿਸਤਾਨੀ ਵਪਾਰੀ ਰਿਆਜ ਕਹਿੰਦੇ ਹਨ, ''ਪਾਕਿਸਤਾਨ 'ਚ ਰਹਿਣ ਵਾਲੇ ਲੋਕਾਂ ਦੇ ਵਿਚਾਰ ਵਿਦੇਸ਼ 'ਚ ਰਹਿਣ ਵਾਲੇ ਪਾਕਿਸਤਾਨੀ ਲੋਕਾਂ ਤੋਂ ਵੱਖਰੇ ਹਨ। ਸਾਡਾ ਮੰਨਣਾ ਹੈ ਕਿ ਮੋਦੀ ਨੂੰ ਸੱਤਾ 'ਚ ਦੁਬਾਰਾ ਆਉਣਾ ਚਾਹੀਦਾ ਹੈ। ਉਹ ਪਾਕਿਸਤਾਨੀ ਧਰਤੀ 'ਤੇ ਚੱਲ ਰਹੇ ਅੱਤਵਾਦੀ ਸੰਗਠਨਾਂ ਲਈ ਇਕ ਰੋਧਕ ਦੇ ਰੂਪ 'ਚ ਕੰਮ ਕਰਨਗੇ ਅਤੇ ਪਾਕਿਸਤਾਨ ਸਰਕਾਰ 'ਤੇ ਸਾਡੀ ਜ਼ਮੀਨ ਤੋਂ ਅੱਤਵਾਦ ਨੂੰ ਖਤਮ ਕਰਨ ਲਈ ਦਬਾਅ ਪਾਉਣਗੇ।''