ਭਾਜਪਾ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ’ਤੇ ਕਰਨਾਟਕ ਸਰਕਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

02/29/2024 7:38:19 PM

ਬੈਂਗਲੁਰੂ, (ਅਨਸ)- ਕਰਨਾਟਕ ’ਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਮੰਗ ਕੀਤੀ ਕਿ ਵਿਧਾਨ ਸਭਾ ਅੰਦਰ ਕਥਿਤ ਤੌਰ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਜਾਣ ਤੋਂ ਬਾਅਦ ਸੂਬੇ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਜਾਣੀ ਚਾਹੀਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਨੇ ਦੋਸ਼ ਲਾਇਆ ਹੈ ਕਿ ਰਾਜ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਸਈਅਦ ਨਾਸਿਰ ਹੁਸੈਨ ਦੀ ਜਿੱਤ ਦੇ ਜਸ਼ਨ ਦੌਰਾਨ ਮੰਗਲਵਾਰ ਰਾਤ ਨੂੰ ਕੁਝ ਕਾਂਗਰਸੀ ਵਰਕਰਾਂ ਨੇ ਵਿਧਾਨ ਸਭਾ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ। ਭਾਜਪਾ ਨੇ ਕਥਿਤ ਨਾਅਰੇਬਾਜ਼ੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਦੀ ਅਗਵਾਈ ਹੇਠ ‘ਰਾਜ ਭਵਨ ਚਲੋ’ ਮਾਰਚ ਕੱਢਿਆ ਅਤੇ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਮੰਗ ਪੱਤਰ ਸੌਂਪਿਆ।

ਰਾਜਪਾਲ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਵਿਚ ਅਸ਼ੋਕ ਨੇ ਦੋਸ਼ ਲਾਇਆ ਕਿ ਨਾਸਿਰ ਹੁਸੈਨ ਦੇ ਸਮਰਥਕਾਂ ਦੀ ਦੇਸ਼ ਵਿਰੋਧੀ ਨਾਅਰੇਬਾਜ਼ੀ ਦੀ ਕੌਮੀ ਜਾਂਚ ਏਜੰਸੀ ਜਾਂ ਇੰਟੈਲੀਜੈਂਸ ਬਿਊਰੋ ਵਰਗੀਆਂ ਕੌਮੀ ਏਜੰਸੀਆਂ ਵੱਲੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਖ਼ਿਲਾਫ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਰਾਜ ਦਾ ਪਰਿਦ੍ਰਿਸ਼ ਹੈ, ਅਸੀਂ ਇਸ ਲੋਕਤੰਤਰੀ ਪ੍ਰਣਾਲੀ ਵਿਚ ਇਕ ਜ਼ਿੰਮੇਵਾਰ ਵਿਰੋਧੀ ਪਾਰਟੀ ਵਜੋਂ ਕਰਨਾਟਕ ਦੇ ਮਹਾਮਹਿਮ ਰਾਜਪਾਲ ਨੂੰ ਇਸ ਸਰਕਾਰ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕਰਨ ਦੀ ਅਪੀਲ ਕਰਦੇ ਹਾਂ, ਕਿਉਂਕਿ ਇਹ ਸਰਕਾਰ ਕਾਨੂੰਨ ਵਿਵਸਥਾ ਦੀ ਪਾਲਣਾ ਕਰਨ ਅਤੇ ਸੰਵਿਧਾਨਕ ਮੁੱਲਾਂ ਨੂੰ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ।


Rakesh

Content Editor

Related News