ਭਾਰਤ ’ਚ ਸਮੁੰਦਰੀ ਰਸਤਿਓਂ ਪਾਕਿਸਤਾਨ ਕਰ ਰਿਹਾ ਡਰੱਗ ਤਸਕਰੀ, ਕਈ ਸੂਬਿਆਂ ’ਚ ਫੈਲਿਆ ਨੈੱਟਵਰਕ
Monday, Sep 05, 2022 - 06:10 PM (IST)
ਨਵੀਂ ਦਿੱਲੀ- ਪਾਕਿਸਤਾਨ ਅੱਤਵਾਦੀਆਂ ਜ਼ਰੀਏ ਨਵੀਂ ਚਾਲ ਚੱਲ ਰਿਹਾ ਹੈ। ਭਾਰਤ ’ਚ ਨਸ਼ੇ ਦੀ ਆਦਤ ਲਾ ਕੇ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰਨ ਲਈ ਪਾਕਿਸਤਾਨ ਹੁਣ ਅੱਤਵਾਦੀਆਂ ਦਾ ਸਹਾਰਾ ਲੈ ਰਿਹਾ ਹੈ। ਅੱਤਵਾਦੀ ਗਤੀਵਿਧੀਆ ਦੇ ਫੰਡਿੰਗ ਲਈ ਉਸ ਨੇ ਲਸ਼ਕਰ-ਏ-ਤੋਇਬਾ ਦੇ ਹੈਂਡਲਰ ਯਾਨੀ ਕਿ ਹਾਜੀ ਸਾਬ੍ਹ ਉਰਫ਼ ਭਾਈਜਾਨ ਨੂੰ ਨਸ਼ੇ ਦੀ ਤਸਕਰੀ ਦੀ ਕਮਾਨ ਸੌਂਪੀ ਹੈ।
ਸਮੁੰਦਰੀ ਰਸਤਿਓਂ ਹੋ ਰਹੀ ਡਰੱਗ ਤਸਕਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ’ਚ ਬੀਤੇ ਕੁਝ ਸਾਲਾਂ ’ਚ ਨਸ਼ੇ ਦੀ ਵੱਡੀ ਖੇਪ ਪਹੁੰਚਾਉਣ ਦੇ ਮਾਮਲੇ ’ਚ ਇਸ ਸ਼ਖ਼ਸ ਦੇ ਹੱਥ ਹੋਣ ਦਾ ਸਬੂਤ ਮਿਲੇ ਹਨ। ਭਾਈਜਾਨ ਦਾ ਨਸ਼ਾ ਸਪਲਾਈ ਨੈੱਟਵਰਕ ਗੁਜਰਾਤ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਮਹਾਰਾਸ਼ਟਰ ਵਿਚ ਫੈਲਿਆ ਹੈ। ਹੁਣ ਪਾਕਿਸਤਾਨ ਨੇ ਨਸ਼ੇ ਦੀ ਤਸਕਰੀ ਲਈ ਸਮੁੰਦਰੀ ਰਸਤੇ ਦਾ ਇਸਤੇਮਾਲ ਵਧਾ ਦਿੱਤਾ ਹੈ। ਹਾਜੀ ਸਾਬ੍ਹ ਯਾਨੀ ਕਿ ਭਾਈਜਾਨ ਦੇ ਇਸ ਡਰੱਗ ਤਸਕਰੀ ਦਾ ਮੁੱਖ ਰੂਟ ਗੁਜਰਾਤ ਹੈ। ਜਾਂਚ ਏਜੰਸੀ ਐੱਨ. ਆਈ. ਏ. ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨ ’ਚ ਨਸ਼ੇ ਨੂੰ ਛੋਟੇ ਬਾਕਸ ’ਚ ਵੰਡ ਕੇ ਪਾਲੀਥੀਨ ਨਾਲ ਚੰਗੀ ਤਰ੍ਹਾਂ ਪੈਕ ਕੀਤਾ ਜਾਂਦਾ ਹੈ। ਇੰਡੀਅਨ ਕੋਸਟ ਗਾਰਡਸ ਦੇ ਰਾਡਾਰ ਤੋਂ ਬਚਣ ਲਈ ਅਕਸਰ ਛੋਟੀ ਕਿਸ਼ਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਐੱਨ. ਆਈ. ਏ. ਸੂਤਰਾਂ ਮੁਤਾਬਕ ਇਕ ਮਾਮਲੇ ’ਚ ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨੀ ਤਸਕਰ ਮਛੇਰਿਆਂ ਦੀ ਕਿਸ਼ਤੀ ’ਚ ਨਸ਼ਾ ਲੁੱਕਾ ਕੇ ਲਿਆਂਦੇ ਹਨ।
ਕੌਣ ਹੈ ਡਰੱਗ ਨੈੱਟਵਰਕ ਸਰਗਨਾ ਹਾਜੀ ਸਾਬ੍ਹ ਉਰਫ਼ ‘ਭਾਈਜਾਨ’
ਐੱਨ. ਆਈ. ਏ. ਦੇ ਸੂਤਰਾਂ ਮੁਤਾਬਕ ਹਾਜੀ ਸਾਬ੍ਹ ਉਰਫ਼ ਭਾਈਜਾਨ ਦਾ ਨਾਂ 2 ਸਾਲ ਪਹਿਲਾਂ ਗੁਜਰਾਤ ’ਚ ਫੜੇ ਗਏ 500 ਕਿਲੋ ਡਰੱਗ ਹੈਰੋਇਨ ਦੇ ਮਾਮਲੇ ’ਚ ਪਹਿਲੀ ਵਾਰ ਸਾਹਮਣੇ ਆਇਆ ਸੀ। ਭਾਈਜਾਨ ਪਾਕਿਸਤਾਨ ’ਚ ਸਥਾਪਤ ਅੱਤਵਾਦੀ ਸੰਗਠਨਾਂ ਦੀ ਫੰਡਿੰਗ ਲਈ ਕੰਮ ਕਰਨ ਵਾਲੇ ਇਕ ਡਰੱਗ ਸਿੰਡੀਕੇਟ ਨਾਲ ਜੁੜਿਆ ਹੈ। ਇਸ ਡਰੱਗ ਸਿੰਡੀਕੇਟ ਦੇ ਤਾਰ ਪਾਕਿਸਤਾਨ ਤੋਂ ਸੰਚਾਲਤ ਅੱਤਵਾਦੀ ਸੰਗਠਨਾਂ ਨਾਲ ਜੁੜੇ ਹਨ। ਗੁਜਰਾਤ ਦੇ ਪੋਰਟ ਤੋਂ ਬਰਾਮਦ 3 ਹਜ਼ਾਰ ਕਿਲੋ ਹੈਰੋਇਨ ਮਾਮਲੇ ਦੀ ਜਾਂਚ ਏਜੰਸੀ ਐੱਨ. ਆਈ. ਏ. ਭਾਈਜਾਨ ਦਾ ਹੱਥ ਹੋਣ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ।