‘ਭਰੋਸੇਯੋਗ ਨਹੀਂ ਪਾਕਿਸਤਾਨ, ਹਥਿਆਰ ਦੇਣ ਦੀ ਗਲਤੀ ਨਾ ਕਰੋ’ ਰੱਖਿਆ ਮੰਤਰੀ ਰਾਜਨਾਥ ਨੇ ਅਮਰੀਕਾ ਨੂੰ ਕੀਤਾ ਸੁਚੇਤ
Tuesday, Jun 06, 2023 - 04:58 PM (IST)
ਨਵੀਂ ਦਿੱਲੀ, (ਏਜੰਸੀਆਂ)- ਭਾਰਤ ਅਤੇ ਪਾਕਿਸਤਾਨ ਵਿਚਾਲ ਦੀ ਤਲਖੀ ਕਿਸੇ ਤੋਂ ਲੁਕੀ ਨਹੀਂ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਭਾਰਤ ਦੇ ਦੌਰੇ ’ਤੇ ਹਨ। ਅਜਿਹੇ ’ਚ ਭਾਰਤ ਨੇ ਅਮਰੀਕਾ ਨੂੰ ਸੁਚੇਤ ਕਰ ਦਿੱਤਾ ਕਿ ਉਹ ਹਥਿਆਰਾਂ ਦੇ ਮਾਮਲੇ ’ਚ ਪਾਕਿਸਤਾਨ ’ਤੇ ਭਰੋਸਾ ਨਾ ਕਰੇ।
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਰੱਖਿਆ ਮੰਤਰੀ ਆਸਟਿਨ ਨੂੰ ਕਿਹਾ ਕਿ ਹਥਿਆਰਾਂ ਦੇ ਮਾਮਲੇ ’ਚ ਪਾਕਿਸਤਾਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਹਥਿਆਰਾਂ ਦੇ ਮਾਮਲੇ ’ਚ ਪਾਕਿਸਤਾਨ ਕਦੇ ਵੀ ਭਰੋਸੇਯੋਗ ਨਹੀਂ ਹੈ, ਕਿਉਂਕਿ ਉਹ ਹਥਿਆਰਾਂ ਅਤੇ ਤਕਨੀਕ ਦੀ ਦੁਰਵਰਤੋਂ ਕਰ ਸਕਦਾ ਹੈ, ਜਿਸ ਨਾਲ ਖੇਤਰੀ ਅਸਥਿਰਤਾ ਆ ਸਕਦੀ ਹੈ।
ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਾਲੇ ਹੋਈ ਦੋ-ਪੱਖੀ ਬੈਠਕ ਦੌਰਾਨ ਉਨ੍ਹਾਂ ਦੇ ਸਾਹਮਣੇ ਇਹ ਚਿੰਤਾ ਪ੍ਰਗਟਾਈ ਗਈ। ਦੱਸਣਯੋਗ ਹੈ ਕਿ ਅਮਰੀਕਾ ਦੇ ਰੱਖਿਆ ਮੰਤਰੀ ਭਾਰਤ ਦੇ 2 ਦਿਨਾਂ ਦੇ ਦੌਰੇ ’ਤੇ ਹਨ। ਉਨ੍ਹਾਂ ਦਾ ਇਹ ਦੌਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 21 ਤੋਂ 24 ਜੂਨ ਨੂੰ ਹੋਣ ਵਾਲੇ ਅਮਰੀਕਾ ਦੌਰੇ ਤੋਂ ਪਹਿਲਾਂ ਹੋਇਆ ਹੈ।
ਬੈਠਕ ਤੋਂ ਪਹਿਲਾਂ ਰਾਜਨਾਥ ਦੀ ਮੌਜ਼ੂਦਗੀ ’ਚ ਅਮਰੀਕੀ ਰੱਖਿਆ ਮੰਤਰੀ ਆਸਟਿਨ ਨੂੰ ਟਰਾਈ ਸਰਵਿਸ ਗਾਰਡ ਆਫ ਆਨਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਇੰਡੋ-ਪੈਸਿਫਿਕ ਸਮੇਤ ਖੇਤਰੀ ਸੁਰੱਖਿਆ ਦੇ ਮੁੱਦੇ ’ਤੇ ਗੱਲਬਾਤ ਹੋਈ। ਭਾਰਤ ਦੇ ਗੁਆਂਢੀਆਂ ਨੂੰ ਲੈ ਕੇ ਵੀ ਚਰਚਾ ਹੋਈ। ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਐੱਲ. ਏ. ਸੀ. ’ਤੇ ਚੀਨ ਦੀ ਸਥਿਤੀ ਨੂੰ ਲੈ ਕੇ ਵੀ ਚਰਚਾ ਹੋਈ। ਅਮਰੀਕੀ ਰੱਖਿਆ ਮੰਤਰੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਨਾਲ ਗੱਲਬਾਤ ਕੀਤੀ ਹੈ। ਸਾਡਾ ਪੂਰਾ ਜ਼ੋਰ ਇਸ ’ਤੇ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨਾ ਵਧੇ।
ਪੀ. ਐੱਮ. ਮੋਦੀ ਦੇ ਅਮਰੀਕੀ ਦੌਰੇ ਦੌਰਾਨ ਹੋਣਗੇ ਅਹਿਮ ਸੌਦੇ
ਸੂਤਰਾਂ ਨੇ ਦੱਸਿਆ ਕਿ ਜੀ. ਈ.-414 ਜੈੱਟ ਇੰਜਨ ਸੌਦਾ ਆਖਰੀ ਦੌਰ ’ਚ ਹੈ ਅਤੇ ਮੋਦੀ ਦੇ ਅਮਰੀਕੀ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ ਜਾਵੇਗਾ। ਜੀ. ਈ.-414 ਆਈ. ਐੱਨ. ਐੱਸ. 6 ਇੰਜਨ ਹੈ। ਜਨਰਲ ਇਲੈਕਟ੍ਰਿਕ ਦੇ ਪ੍ਰਸਤਾਵ ਤੋਂ ਇਲਾਵਾ ਭਾਰਤ ਦੀ ਅਮਰੀਕਾ ਤੋਂ 30 ਐੱਮ. ਕਿਊ.-9ਬੀ ਆਰਮਡ ਡ੍ਰੋਨ ਖਰੀਦਣ ਦੀ ਯੋਜਨਾ ਹੈ। ਇਹ ਸੌਦਾ 3 ਅਰਬ ਡਾਲਰ ’ਚ ਹੋ ਸਕਦਾ ਹੈ।
ਭਾਰਤ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਰੱਖਿਆ ਖੇਤਰ ਲਈ ਭਾਰਤ ਨਾਲ ਸੋਰਸਿੰਗ ਨੂੰ ਵਧਾ ਦੇਵੇ, ਜਿਸ ਨਾਲ ਦੇਸ਼ ਦਾ ਮਾਲੀਆ ਵਧ ਸਕੇ। ਭਾਰਤ ਆਪਣੀ ਲੜਾਕੂ ਜਹਾਜ਼ ਬਣਾਉਣ ਦੀ ਸਮਰੱਥਾ ਨੂੰ ਵਧਾਉਣ ਲਈ ਜੈੱਟ ਇੰਜਨ ਭਾਰਤ ’ਚ ਹੀ ਤਿਆਰ ਕਰਨਾ ਚਾਹੁੰਦਾ ਹੈ।