'ਸਾਨੂੰ ਦੋਸ਼ ਨਾ ਦਿਓ'...ਪਹਿਲਗਾਮ ਅੱਤਵਾਦੀ ਹਮਲੇ 'ਤੇ ਪਾਕਿਸਤਾਨ ਦੀ ਪਹਿਲੀ ਪ੍ਰਤੀਕਿਰਿਆ
Wednesday, Apr 23, 2025 - 12:15 PM (IST)

ਇੰਟਰਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਸਬੰਧੀ ਪਾਕਿਸਤਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਪਾਕਿਸਤਾਨ ਮੀਡੀਆ ਰਿਪੋਰਟ ਅਨੁਸਾਰ ਖਵਾਜਾ ਆਸਿਫ ਨੇ ਕਿਹਾ, 'ਪਾਕਿਸਤਾਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਅੱਤਵਾਦ ਦੇ ਹਰ ਰੂਪ ਵਿਚ ਅੱਤਵਾਦ ਦੀ ਨਿੰਦਾ ਕਰਦੇ ਹਾਂ। ਇਨ੍ਹਾਂ ਹਮਲਿਆਂ ਵਿੱਚ Home Grown ਲੋਕ ਸ਼ਾਮਲ ਹਨ। ਉੱਥੋਂ ਦੀਆਂ ਸਾਰੀਆਂ ਰਿਆਸਤਾਂ... ਉੱਥੋਂ ਦੇ ਲੋਕਾਂ ਨੇ ਸਰਕਾਰ ਵਿਰੁੱਧ ਬਗਾਵਤ ਕੀਤੀ ਹੈ। ਉੱਥੇ ਨਾਗਾਲੈਂਡ ਤੋਂ ਲੈ ਕੇ ਮਨੀਪੁਰ ਅਤੇ ਕਸ਼ਮੀਰ ਤੱਕ ਲੋਕ ਸਰਕਾਰ ਦੇ ਵਿਰੁੱਧ ਹਨ। ਭਾਰਤ ਸਰਕਾਰ ਲੋਕਾਂ ਦੇ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਉਹ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਲੋਕ ਇਸ ਦੇ ਵਿਰੁੱਧ ਖੜ੍ਹੇ ਹੋ ਗਏ ਹਨ।''
ਲਸ਼ਕਰ-ਏ-ਤੋਇਬਾ ਦੇ ਨਵੇਂ ਫਰੰਟ 'ਦਿ ਰੇਜ਼ਿਸਟੈਂਸ ਫਰੰਟ' (ਟੀ.ਆਰ.ਐਫ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿੱਚ ਹਾਫਿਜ਼ ਸਈਦ ਦੇ ਕਰੀਬੀ ਸਹਿਯੋਗੀ ਅਤੇ ਲਸ਼ਕਰ ਦੇ ਡਿਪਟੀ ਚੀਫ਼ ਸੈਫੁੱਲਾ ਖਾਲਿਦ ਉਰਫ਼ ਸੈਫੁੱਲਾ ਕਸੂਰੀ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਆਈ.ਐਸ.ਆਈ ਅਧਿਕਾਰੀਆਂ ਨਾਲ ਵੀ ਡੂੰਘੇ ਸਬੰਧ ਹਨ।
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਪ੍ਰਿੰਸ, ਯੂ.ਏ.ਈ. ਨੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ
ਮੰਗਲਵਾਰ ਨੂੰ ਪਹਿਲਗਾਮ ਵਿੱਚ ਹੋਏ ਇਸ ਭਿਆਨਕ ਅੱਤਵਾਦੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਪਹਿਲਗਾਮ ਘੁੰਮਣ ਆਏ ਸੈਲਾਨੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਨੇੜਲੇ ਜੰਗਲਾਂ ਵਿੱਚ ਭੱਜ ਗਏ। ਸੁਰੱਖਿਆ ਬਲਾਂ ਨੇ ਇਨ੍ਹਾਂ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਹਿਲਗਾਮ ਦੇ ਜੰਗਲਾਂ ਵਿੱਚ ਰਾਸ਼ਟਰੀ ਰਾਈਫਲਜ਼, ਸੀ.ਆਰ.ਪੀ.ਐਫ ਅਤੇ ਜੰਮੂ-ਕਸ਼ਮੀਰ ਪੁਲਸ ਦਾ ਇੱਕ ਵੱਡਾ ਆਪ੍ਰੇਸ਼ਨ ਚੱਲ ਰਿਹਾ ਹੈ। ਇਸ ਸਰਚ ਆਪ੍ਰੇਸ਼ਨ ਵਿੱਚ ਫੌਜ ਦੇ ਹੈਲੀਕਾਪਟਰ, ਡਰੋਨ ਅਤੇ ਸਨਿਫਰ ਕੁੱਤੇ ਵੀ ਤਾਇਨਾਤ ਕੀਤੇ ਗਏ ਹਨ।
ਇਸ ਅੱਤਵਾਦੀ ਹਮਲੇ ਤੋਂ ਬਾਅਦ ਲੋਕਾਂ ਵਿੱਚ ਪਾਕਿਸਤਾਨ ਵਿਰੁੱਧ ਬਹੁਤ ਗੁੱਸਾ ਹੈ। ਸੋਸ਼ਲ ਮੀਡੀਆ 'ਤੇ ਲੋਕ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਬਾਲਾਕੋਟ ਵਾਂਗ ਹਵਾਈ ਹਮਲੇ ਦੀ ਮੰਗ ਕਰ ਰਹੇ ਹਨ। ਇਸ ਹਮਲੇ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੀ ਪੂਰੀ ਤਰ੍ਹਾਂ ਹਰਕਤ ਵਿੱਚ ਹਨ। ਉਹ ਸਾਊਦੀ ਅਰਬ ਦੀ ਆਪਣੀ ਯਾਤਰਾ ਵਿਚਕਾਰ ਹੀ ਛੱਡ ਕੇ ਵਾਪਸ ਆ ਗਏ ਹਨ। ਦਿੱਲੀ ਹਵਾਈ ਅੱਡੇ 'ਤੇ ਪਹੁੰਚਣ 'ਤੇ, ਉਨ੍ਹਾਂ ਨੇ ਐਨ.ਐਸ.ਏ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।