ਪਾਕਿਸਤਾਨੀ ਸਰਹੱਦ ਤੋਂ ਭਾਰਤ ''ਚ ਆਈਂ ਟਿੱਡੀਆਂ ਦੀ ਸਮੱਸਿਆ ਹੋ ਰਹੀ ਹੈ ਭਿਆਨਕ
Wednesday, May 13, 2020 - 10:58 AM (IST)
ਜੈਸਲਮੇਰ- ਦੇਸ਼ 'ਚ ਚੱਲ ਰਹੀ ਕੋਰੋਨਾ ਮਹਾਮਾਰੀ ਨਾਲ ਹੁਣ ਪਾਕਿਸਤਾਨ ਦੀ ਸਰਹੱਦ ਤੋਂ ਆ ਰਹੀਆਂ ਕਰੋੜਾਂ ਟਿੱਡੀਆਂ ਦੀ ਨਵੀਂ ਸਮੱਸਿਆ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਜੈਸਲਮੇਰ, ਬਾੜਮੇਰ, ਗੰਗਾਨਗਰ ਦੇ ਸਾਹਮਣੇ ਤੋਂ ਆ ਰਹੀਆਂ ਇਹ ਟਿੱਡੀਆਂ ਹੁਣ ਦੇਸ਼ ਦੇ ਹੋਰ ਹਿੱਸਿਆਂ 'ਚ ਫੈਲਣ ਲੱਗੀਆਂ ਹਨ। ਇਹ ਟਿੱਡੀਆਂ ਇਨ੍ਹਾਂ ਸਰਹੱਦੀ ਇਲਾਕਿਆਂ ਤੋਂ ਹੁੰਦੇ ਹੋਏ ਨਾਗੌਰ, ਪਾਲੀ, ਅਜਮੇਰ, ਪੁਸ਼ਕਰ ਤੱਕ ਪਹੁੰਚ ਗਈਆਂ ਹਨ, ਜਿਨ੍ਹਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਟਿੱਡੀ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਟਿੱਡੀਆਂ ਦਾ ਇਕ ਦਲ ਬਾੜਮੇਰ ਸ਼ਹਿਰ 'ਚ ਪੂਰੇ ਇਲਾਕੇ 'ਚ ਫੈਲ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਪਟਾਕੇ ਚਲਾ ਕੇ, ਥਾਲੀ ਵਜਾ ਕੇ ਦੌੜਾਇਆ। ਕੇਂਦਰ ਸਰਕਾਰ ਨੇ ਜਲਦੀ ਹੀ ਇਨ੍ਹਾਂ ਟਿੱਡੀਆਂ 'ਤੇ ਕੰਟਰੋਲ ਕਰਨ ਦੇ ਕਦਮ ਨਹੀਂ ਚੁੱਕੇ ਤਾਂ ਕੋਰੋਨਾ ਮਹਾਮਾਰੀ ਦੀ ਤਰ੍ਹਾਂ ਇਹ ਟਿੱਡੀਆਂ ਦੇਸ਼ ਦੇ ਕਈ ਹਿੱਸਿਆਂ 'ਚ ਫੈਲ ਜਾਣਗੀਆਂ, ਜਿਨ੍ਹਾਂ 'ਤੇ ਕੰਟਰੋਲ ਵੀ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ, ਕਿਉਂਕਿ ਪਾਕਿਸਤਾਨ ਦੇ ਬਲੂਚਿਸਤਾਨ, ਪੰਜਾਬ ਅਤੇ ਸਿੰਧ ਸੂਬੇ ਤੋਂ ਭਾਰੀ ਮਾਤਰਾ 'ਚ ਟਿੱਡੀਆਂ ਦਾ ਮਾਈਗ੍ਰੇਸ਼ਨ ਭਾਰਤ ਵੱਲ ਹੋ ਰਿਹਾ ਹੈ।
ਪਾਕਿਸਤਾਨ ਇਨ੍ਹਾਂ ਟਿੱਡੀਆਂ ਨੂੰ ਕੰਟਰੋਲ ਕਰਨ 'ਚ ਨਾਕਾਮਯਾਬ ਰਿਹਾ, ਖਾਸ ਕਰ ਕੇ ਸਭ ਤੋਂ ਵਧ ਚਿੰਤਾ ਤਾਂ ਰਾਜਸਥਾਨ ਦੇ ਅਕਾਲ ਤੋਂ ਪ੍ਰਭਾਵਿਤ ਕਈ ਜ਼ਿਲਿਆਂ ਦੇ ਪਸ਼ੂਪਾਲਕਾਂ ਨੂੰ ਹੋ ਰਹੀ ਹੈ, ਕਿਉਂਕਿ ਇਹ ਟਿੱਡੀਆਂ ਪਸ਼ੂਆਂ ਦੇ ਚਾਰੇ ਨੂੰ ਨਸ਼ਟ ਕਰ ਰਹੀਆਂ ਹਨ, ਇਸ ਨਾਲ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਦੂਜੇ ਪਾਸੇ ਮਾਲੀਆ ਮੰਤਰੀ ਹਰੀਸ਼ ਚੌਧਰੀ ਨੇ ਕਿਹਾ ਕਿ ਸਰਹੱਦੀ ਜ਼ਿਲਿਆਂ 'ਚ ਟਿੱਡੀ ਕੰਟਰੋਲ ਨੂੰ ਲੈ ਕੇ ਰਾਜ ਸਰਕਾਰ ਗੰਭੀਰ ਹੈ ਅਤੇ ਹਰ ਸੰਭਵ ਸਰੋਤ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਪੈਸ਼ਲ ਗਿਰਦਾਵਰੀ ਦੇ ਨਿਰਦੇਸ਼ ਦੇ ਦਿੱਤੇ ਹਨ, ਜਲਦ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ।