ਪਾਕਿ ਨੇ ਫਿਰ ਕੀਤਾ ਜੰਗਬੰਦੀ ਦਾ ਉਲੰਘਣ, ਸਹਾਇਕ ਕਮਾਂਡੈਂਟ ਸਮੇਤ 4 ਜਵਾਨ ਸ਼ਹੀਦ
Wednesday, Jun 13, 2018 - 09:03 AM (IST)

ਜੰਮੂ-ਕਸ਼ਮੀਰ — ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਨੇ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਸਹਾਇਕ ਕਮਾਂਡੈਂਟ ਸਮੇਤ ਬੀ.ਐੱਸ.ਐੱਫ. ਦੇ ਚਾਰ ਸੁਰੱਖਿਆ ਜਵਾਨ ਸ਼ਹੀਦ ਹੋ ਗਏ।
ਬੀ.ਐੱਸ.ਐੱਫ. ਦੇ ਆਈ.ਜੀ.(ਜੰਮੂ ਫਰੰਟੀਅਰ) ਰਾਮ ਅਵਤਾਰ ਨੇ ਦੱਸਿਆ ਕਿ ਪਾਕਿਸਤਾਨ ਰੇਂਜਰਾਂ ਨੇ ਬੀਤੀ ਰਾਤ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਭਾਰਤੀ ਸਰਹੱਦ ਦੇ ਰਾਮਗੜ ਸੈਕਟਰ ਵਿਚ ਗੋਲੀਬਾਰੀ ਦੌਰਾਨ ਸਹਾਇਕ ਕਮਾਂਡੈਂਟ, ਇਕ ਸਬ ਇੰਸਪੈਕਟਰ ਅਤੇ ਦੋ ਜਵਾਨ ਮਾਰੇ ਗਏ ਸਨ। ਇਸ ਦੌਰਾਨ ਤਿੰਨ ਹੋਰ ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਜੰਮੂ ਵਿਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਵੀ ਪਾਕਿਸਤਾਨੀ ਫੌਜ ਵਲੋਂ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਦੇ ਪਰਗਵਾਨ ਇਲਾਕੇ ਵਿਚ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਸੀ ਜਿਸ ਵਿਚ ਬੀ.ਐੱਸ.ਐੱਫ. ਦੇ 2 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੇ ਬਾਅਦ ਭਾਰਤੀ ਫੌਜ ਨੇ ਵੀ ਪਾਕਿਸਤਾਨ ਨੂੰ ਸਖਤ ਜਵਾਬ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਸੀਜ਼ਫਾਇਰ ਸੰਧੀ 2003 ਨੂੰ ਪੂਰੇ ਤਰੀਕੇ ਨਾਲ ਲਾਗੂ ਕਰਨ ਲਈ 29 ਮਈ ਨੂੰ ਭਾਰਤ ਅਤੇ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਨੇ ਆਪਸ ਵਿਚ ਗੱਲਬਾਤ ਕੀਤੀ ਸੀ ਅਤੇ ਸੀਜ਼ਫਾਇਰ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਪਾਕਿਸਤਾਨ ਵਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ।