ਪਾਕਿਸਤਾਨ ’ਚ ਬੈਠੇ ਅੱਤਵਾਦੀ ਕਸ਼ਮੀਰ ਲਈ ਰਚ ਰਹੇ ਹਨ ਵੱਡੀ ਸਾਜ਼ਿਸ਼

Wednesday, Sep 01, 2021 - 12:15 PM (IST)

ਨਵੀਂ ਦਿੱਲੀ– ਪਾਕਿਸਤਾਨ ਵਿਚ ਮੌਜੂਦ ਅੱਤਵਾਦੀ ਕਸ਼ਮੀਰ ਵਾਦੀ ਵਿਚ ਕੁਝ ਵੱਡਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਨੂੰ ਲੈ ਕੇ ਭਾਰਤੀ ਖੁਫੀਆ ਏਜੰਸੀਆਂ ਨੇ ਇਕ ਨਹੀਂ, ਸਗੋਂ 10 ਅਲਰਟ ਜਾਰੀ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਇਸ ਲਈ ਤਾਲਿਬਾਨ ਦਾ ਸਾਥ ਵੀ ਲੈ ਸਕਦੇ ਹਨ। ਦੱਸਣਯੋਗ ਹੈ ਕਿ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਉਦੋਂ ਤੋਂ ਕਹਿ ਰਿਹਾ ਹੈ ਕਿ ਕਸ਼ਮੀਰ ਮਿਸ਼ਨ ਵਿਚ ਉਸਦਾ ਸਾਥ ਤਾਲਿਬਾਨ ਵੀ ਦੇਵੇਗਾ।

ਜੰਮੂ-ਕਸ਼ਮੀਰ ਵਿਚ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਤਾਲਿਬਾਨ ਵੱਲੋਂ ਕਾਬੁਲ ’ਤੇ ਕਬਜ਼ਾ ਕਰਨ ਪਿੱਛੋਂ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀਆਂ ਦੀ ਹਲਚਲ ਵਧ ਗਈ ਹੈ। ਪਾਕਿਸਤਾਨ ਵਿਚ ਬੈਠੇ ਹੋਏ ਕਈ ਅੱਤਵਾਦੀ ਸਰਹੱਦ ਪਾਰ ਕਰ ਕੇ ਭਾਰਤ ਦੇ ਜੰਮੂ-ਕਸ਼ਮੀਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਪਿਛਲੇ ਲਗਭਗ 15 ਦਿਨ ਅੰਦਰ ਖੁਫੀਆ ਏਜੰਸੀਆਂ ਨੇ ਉਕਤ 10 ਅਲਰਟ ਜਾਰੀ ਕੀਤੇ ਹਨ। ਇਹ ਅਲਰਟ ਉਨ੍ਹਾਂ ਸ਼ੱਕੀਆਂ ਨੂੰ ਲੈ ਕੇ ਜਾਰੀ ਕੀਤੇ ਗਏ ਹਨ, ਜੋ ਸਰਹੱਦ ’ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਖੁਫੀਆ ਏਜੰਸੀਆਂ ਨੂੰ ਇਸ ਸਬੰਧੀ ਵੀ ਜਾਣਕਾਰੀ ਮਿਲੀ ਹੈ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਥਾਂ ’ਚ ਤਬਦੀਲੀ ਆਈ ਹੈ। ਸੁਰੱਖਿਆ ਏਜੰਸੀਆਂ ਨੂੰ ਗ੍ਰੇਨੇਡ ਹਮਲੇ, ਅਹਿਮ ਟਿਕਾਣਿਆਂ ’ਤੇ ਹਮਲੇ, ਸੁਰੱਖਿਆ ਫੋਰਸਾਂ ਦੇ ਜਵਾਨਾਂ ’ਤੇ ਹਮਲੇ ਅਤੇ ਜਨਤਕ ਥਾਵਾਂ ’ਤੇ ਆਈ. ਈ. ਡੀ. ਨਾਲ ਧਮਾਕੇ ਕਰਨ ਨੂੰ ਲੈ ਕੇ ਵੀ ਚੌਕਸ ਕੀਤਾ ਗਿਆ ਹੈ।

ਇਕ ਅਲਰਟ ਵਿਚ ਕਿਹਾ ਗਿਆ ਹੈ ਕਿ 5 ਅੱਤਵਾਦੀਆਂ ਦਾ ਇਕ ਗਰੁੱਪ ਮਕਬੂਜ਼ਾ ਕਸ਼ਮੀਰ ਦੇ ਜਾਂਡਰੋਟ ਇਲਾਕੇ ਵਿਚੋਂ ਪੁੰਛ ਦੇ ਮੇਂਢਰ ਇਲਾਕੇ ਵਿਚ ਘੁਸਪੈਠ ਕਰ ਸਕਦਾ ਹੈ। ਇਹ ਸਭ ਅੱਤਵਾਦੀ ਹਿਜ਼ਬੂਲ ਮੁਜਾਹਿਦੀਨ ਨਾਲ ਜੁੜੇ ਹੋਏ ਹਨ। ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਵੀ ਅੱਤਵਾਦੀਆਂ ਦੀਆਂ ਸਰਗਰਮੀਆਂ ਵਧ ਗਈਆਂ ਹਨ। ਸੋਸ਼ਲ ਮੀਡੀਆ ’ਤੇ ਜਾਰੀ ਵੀਡੀਓ ਵਿਚ ਵਾਦੀ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵੀਡੀਓ ’ਤੇ ਉਨ੍ਹਾਂ ਦੀ ਤਿੱਖੀ ਨਜ਼ਰ ਹੈ।


Rakesh

Content Editor

Related News