ਭਾਰਤ ਨੂੰ ਘੇਰਣ ਲਈ Pok ''ਚ ਰੇਲ ਲਾਈਨ ਵਿਛਾਵੇਗਾ ਪਾਕਿ

Sunday, Aug 09, 2020 - 11:21 PM (IST)

ਇਸਲਾਮਾਬਾਦ - ਚੀਨ ਨਾਲ ਮਿਲ ਕੇ ਭਾਰਤ ਨੂੰ ਘੇਰਣ ਦਾ ਪਲਾਨ ਬਣਾ ਰਹੇ ਪਾਕਿਸਤਾਨ ਨੇ ਹੁਣ ਨਵੀਂ ਚਾਲ ਚੱਲੀ ਹੈ। ਕੰਗਾਲੀ ਨਾਲ ਨਜਿੱਠ ਰਹੀ ਇਮਰਾਨ ਖਾਨ ਸਰਕਾਰ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਇਕ ਰੇਲ ਲਾਈਨ ਨੂੰ ਬਣਾਉਣ ਲਈ 6.8 ਬਿਲੀਅਨ ਡਾਲਰ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਰੇਲ ਲਾਈਨ ਚੀਨ ਦਾ ਅਹਿਮ ਪ੍ਰਾਜੈਕਟ ਚੀਨ-ਪਾਕਿ ਇਕਨਾਮਿਕ ਕੋਰੀਡੋਰ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਰੇਲ ਲਾਈਨ ਪੀ. ਓ. ਕੇ. ਵਿਚ ਕਿਥੋਂ ਤੋਂ ਲੈ ਕੇ ਕਿਥੇ ਤੱਕ ਬਣਾਈ ਜਾਵੇਗੀ।

ਚੀਨ ਨੇ ਪਾਕਿ ਵਿਚ ਬਣੀ ਇਕ ਸੜਕ ਨੂੰ ਖੋਲਿਆ
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਕੁਝ ਦਿਨ ਪਹਿਲਾਂ ਹੀ ਚੀਨ ਨੇ ਪਾਕਿਸਤਾਨ ਨੇ ਇਸਲਾਮਾਬਾਦ ਤੋਂ ਸ਼ਿੰਜਿਆਂਗ ਸੂਬੇ ਦੇ ਕਾਸ਼ਗਰ ਤੱਕ ਬਣਨ ਵਾਲੀ ਸੜਕ ਦੇ ਇਕ ਹਿੱਸੇ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ। ਪਾਕਿਸਤਾਨ ਵਿਚ ਬਣੀ 118 ਕਿਲੋਮੀਟਰ ਦੀ ਸੜਕ ਦੇ ਇਸ ਹਿੱਸੇ ਦੇ ਇਕ ਪਾਸੇ 'ਤੇ ਥਾਕੋਟ ਤਾਂ ਦੂਜੇ ਪਾਸੇ ਹਵੇਲੀਅਨ ਵੱਸਿਆ ਹੋਇਆ ਹੈ। ਮਾਹਿਰਾਂ ਮੁਤਾਬਕ, ਇਸ ਰੇਲ ਲਾਈਨ ਦੇ ਮਕਸਦ ਨਾਲ ਚੀਨ ਅਤੇ ਪਾਕਿ ਭਾਰਤ 'ਤੇ ਦਬਾਅ ਬਣਾਉਣ ਦਾ ਕੰਮ ਕਰ ਰਹੇ ਹਨ।

ਪਾਕਿ ਨੇ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਸੀ ਵਿਵਾਦਤ ਨਕਸ਼ਾ
ਕੁਝ ਦਿਨ ਪਹਿਲਾਂ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਤੋਂ ਆਰਟੀਕਲ-370 ਹਟਾਏ ਜਾਣ ਦੇ ਵਿਰੋਧ ਵਿਚ ਆਪਣੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ ਸੀ। ਇਸ ਨਕਸ਼ੇ ਵਿਚ ਪਾਕਿਸਤਾਨ ਨੇ ਲੱਦਾਖ, ਜੰਮੂ-ਕਸ਼ਮੀਰ ਦੇ ਸਿਆਚਿਨ ਸਣੇ ਗੁਜਰਾਤ ਦੇ ਜੂਨਾਗੜ੍ਹ ਅਤੇ ਸਰ ਕ੍ਰੀਕ 'ਤੇ ਆਪਣਾ ਦਾਅਵਾ ਕੀਤਾ ਸੀ। ਜਿਸ ਨੂੰ ਭਾਰਤ ਨੇ ਖਾਰਿਜ਼ ਕਰ ਦਿੱਤਾ ਸੀ।

ਪਾਕਿਸਤਾਨ ਵਿਚ ਖਤਰੇ ਵਿਚ ਹਨ ਚੀਨ ਦਾ ਸੀ. ਪੀ. ਈ. ਸੀ. ਪ੍ਰਾਜੈਕਟ
ਇਕ ਰਿਪੋਰਟ ਮੁਤਾਬਕ, ਪਾਕਿਸਤਾਨ ਵਿਚ ਸੀ. ਪੀ. ਈ. ਸੀ. ਪ੍ਰਾਜੈਕਟ ਵਿਚ ਅਰਬਾਂ ਡਾਲਰ ਲਾ ਚੁੱਕਿਆ ਚੀਨ ਸੁਰੱਖਿਆ ਖਤਰੇ ਵਿਚ ਆਉਣ ਅਤੇ ਲਾਗਤ ਦੇ ਵਧਣ ਨਾਲ ਚਿੰਤਾ ਵਿਚ ਹੈ। ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਵੱਧਦੇ ਖਤਰੇ ਕਾਰਨ ਪ੍ਰਾਜੈਕਟ ਦਾ ਕੰਮ ਇਕ ਪਾਸੇ ਜਿਥੇ ਬਹੁਤ ਹੌਲੀ ਰਫਤਾਰ ਨਾਲ ਵਧ ਰਿਹਾ ਹੈ, ਉਥੇ ਦੂਜੇ ਪਾਸੇ ਬਲੋਚਿਸਤਾਨ ਵਿਚ ਅੱਤਵਾਦੀਆਂ ਦੇ ਹਮਲੇ ਵੀ ਤੇਜ਼ ਹੋ ਗਏ ਹਨ।


Khushdeep Jassi

Content Editor

Related News