'ਭਾਈ ਤਾਰੂ ਸਿੰਘ ਗੁਰਦੁਆਰਾ ਨੂੰ ਮਸਜਿਦ ਬਣਾਉਣ 'ਚ ਮਦਦ ਕਰ ਰਹੀ ਹੈ ਪਾਕਿ ਸਰਕਾਰ'

Tuesday, Jul 28, 2020 - 07:35 PM (IST)

'ਭਾਈ ਤਾਰੂ ਸਿੰਘ ਗੁਰਦੁਆਰਾ ਨੂੰ ਮਸਜਿਦ ਬਣਾਉਣ 'ਚ ਮਦਦ ਕਰ ਰਹੀ ਹੈ ਪਾਕਿ ਸਰਕਾਰ'

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਮਾੜੇ ਅਨਸਰਾਂ ਦੀ ਮਦਦ ਵਿਚ ਨਿਤਰ ਆਈ ਹੈ ਜਿਨ੍ਹਾਂ ਵੱਲੋਂ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਵਾਲੇ ਗੁਰਦੁਆਰਾ ਸਾਹਿਬ ਨੂੰ ਮਸਜਿਦ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਭਾਰਤੀ ਮੀਡੀਆ 'ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਨਾਗਰਿਕਾਂ ਖਾਸ ਤੌਰ 'ਤੇ ਸਿੱਖਾਂ ਤੇ ਇਕਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਗੱਲ ਸੁਣਨ ਦੀ ਥਾਂ ਪਾਕਿਸਤਾਨ ਸਰਕਾਰ ਉਨ੍ਹਾਂ ਮਾੜੇ ਅਨਸਰਾਂ ਦੀ ਮਦਦ ਵਿਚ ਨਿਤਰ ਆਈ ਹੈ ਜਿਹੜੇ ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸਤਵੰਤ ਸਿੰਘ ਨੇ ਖੁਦ ਇਕ ਵੀਡੀਓ ਸੰਦੇਸ਼ ਵਿਚ ਇਹ ਦੱਸਿਆ ਹੈ ਕਿ ਕਿਵੇਂ ਸ਼ਰਾਰਤੀ ਤੇ ਮਾੜੇ ਅਨਸਰਾਂ ਵੱਲੋਂ ਇਸ ਪਵਿੱਤਰ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਵੈਕੂਈ ਟਰੱਸਟ ਬੋਰਡ ਦੇ ਸਕੱਤਰ ਸਨਾਹਉਲਾ ਖਾਨ ਨੇ ਡੀ.ਜੀ.ਆਈ. ਅਪਰੇਸ਼ਨਜ਼ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਸੋਹੇਲ ਭੱਟ ਪੁੱਤਰ ਸਲਾਹਉਦੀਨ ਭੱਟ ਜੋ ਲਾਹੌਰ ਦਾ ਰਹਿਣ ਵਾਲਾ ਹੈ ਤੇ ਦਰਬਾਰ ਹਜ਼ਰਤ ਸ਼ਾਹ ਕਾਕੂ ਚਿਸ਼ਤੀ ਦਾ ਸੇਵਾਦਾਰ ਹੈ, ਨੇ ਪਾਕਿਸਤਾਨ ਦੇ ਸਿੱਖਾਂ, ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਅਤੇ ਈ.ਡੀ.ਪੀ. ਬੋਰਡ ਖਿਲਾਫ ਕੂੜ ਪ੍ਰਚਾਰ ਕਰਦੀ ਵੀਡੀਓ ਅਪਲੋਡ ਕੀਤੀ ਹੈ। ਉਨ੍ਹਾਂ ਨੇ ਇਸ ਵੀਡੀਓ ਦੀ ਡੀ.ਵੀ.ਡੀ.ਪੀ. ਪੁਲਸ ਨੂੰ ਸੌਂਪੀ ਹੈ ਅਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਜਾਏ ਇਨ੍ਹਾਂ ਗੱਲਾਂ ਦਾ ਨੋਟਿਸ ਲੈਣ ਦੇ ਪਾਕਿਸਤਾਨ ਸਰਕਾਰ ਉਨ੍ਹਾਂ ਅਨਸਰਾਂ ਦੀ ਮਦਦ ਵਿਚ ਨਿਤਰ ਰਹੀ ਹੈ ਜਿਨ੍ਹਾਂ ਦੀ ਹਮਾਇਤੀ ਕੱਟੜਪੰਥੀ ਕਰਦੇ ਹਨ ਜੋ ਹਮੇਸ਼ਾ ਪਾਕਿਸਤਾਨ ਵਿਚ ਘੱਟ ਗਿਣਤੀਆਂ ਦਾ ਨੁਕਸਾਨ ਕਰਨ ਲਈ ਸਰਗਰਮ ਰਹਿੰਦੇ ਹਲ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਇਹ ਹੈ ਕਿ ਜੋ ਇਸ ਧਾਰਮਿਕ ਸਥਾਨ ਨੂੰ ਮਸਜਿਦ ਵਿਚ ਬਦਲਣਾ ਚਾਹੁੰਦੇ ਹਨ, ਉਹ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਸਬੂਤ ਮੰਗ ਰਹੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਹੁਣ ਸਿੱਖਾਂ ਨੂੰ ਦਿੱਤੀਆਂ ਸ਼ਹਾਦਤਾਂ ਦੇ ਸਬੂਤ ਦੇਣੇ ਪੈਣਗੇ?

ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 11 ਮਹੀਨਿਆਂ ਤੋਂ ਜਗਜੀਤ ਕੌਰ ਜੋ ਕਿ ਹੈਡਗ੍ਰੰਥੀ ਦੀ ਧੀ ਹੈ, ਜੇਲ੍ਹ ਵਿਚ ਸੜ ਰਹੀ ਹੈ ਕਿਉਂਕਿ ਉਸਨੇ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਜਿਹੜੇ ਹਮੇਸ਼ਾ ਦੁਸ਼ਮਣਾਂ ਦੀਆਂ ਧੀਆਂ ਦੀ ਵੀ ਰਾਖੀ ਕਰਦੇ ਹਨ, ਨੂੰ ਪਾਕਿਸਤਾਨ ਵਿਚ ਆਪਣੀਆਂ ਧੀਆਂ ਨੂੰ ਬਚਾ ਕੇ ਰੱਖਣਾ ਪੈ ਰਿਹਾ ਹੈ ਕਿ ਕਿਤੇ ਉਹ ਅਗਵਾ ਨਾ ਹੋ ਜਾਣ। ਉਨ੍ਹਾਂ ਕਿਹਾ ਕਿ ਕੀ ਇਹੀ ਸਹੂਲਤਾਂ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਨੂੰ ਦੇਣ ਦੇ ਦਾਅਵੇ ਕਰ ਰਹੀ ਸੀ?

ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਗੂੜੀ ਨੀਂਦ ਵਿਚੋਂ ਜਾਗਣ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੀ ਕੋਸ਼ਿਸ਼ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਫੌਰੀ ਕਾਰਵਾਈ ਕੀਤੇ ਜਾਣ ਦੇ ਹੁਕਮ ਜਾਰੀ ਕਰਨ ਅਤੇ ਆਪਣੇ ਮੁਲਕ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਵਾਸਤੇ ਠੋਸ ਕਦਮ ਵੀ ਚੁੱਕਣ।


author

Inder Prajapati

Content Editor

Related News