ਪਾਕਿ ਫੌਜ ਨੇ ਪੁੰਛ ਦੇ ਵੱਖ-ਵੱਖ ਖੇਤਰਾਂ ''ਚ ਵਰ੍ਹਾਏ ਗੋਲੇ
Saturday, Mar 02, 2019 - 02:02 AM (IST)

ਪੁੰਛ, (ਧਨੁਜ)– ਭਾਰਤੀ ਹਵਾਈ ਫੌਜ ਦੇ ਹੱਥੋਂ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਸ਼ਾਂਤੀ ਦਾ ਰਾਗ ਅਲਾਪਣ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਕਹਾਵਤ 'ਮੂੰਹ ਮੇਂ ਰਾਮ ਬਗਲ ਮੇਂ ਛੁਰੀ' ਪੂਰੀ ਤਰ੍ਹਾਂ ਸੱਚ ਸਾਬਤ ਹੋ ਰਹੀ ਹੈ।
ਇਕ ਪਾਸੇ ਜਿਥੇ ਇਮਰਾਨ ਖਾਨ ਸ਼ਾਂਤੀ ਦੀ ਅਪੀਲ ਕਰ ਰਹੇ ਹਨ, ਉਥੇ ਹੀ ਪੁੰਛ ਜ਼ਿਲੇ 'ਚ ਲਗਾਤਾਰ ਤੀਜੇ ਦਿਨ ਵੀ ਪਾਕਿ ਫੌਜ ਨੇ ਗੋਲੀਬਾਰੀ ਦੀ ਉਲੰਘਣਾ ਜਾਰੀ ਰੱਖੀ ਅਤੇ ਜ਼ਿਲੇ ਦੇ ਵੱਖ-ਵੱਖ ਖੇਤਰਾਂ 'ਚ ਜ਼ੋਰਦਾਰ ਗੋਲੀਬਾਰੀ ਕਰਦੇ ਹੋਏ ਭਾਰਤ-ਪਾਕਿ ਕੰਟਰੋਲ ਲਾਈਨ 'ਤੇ ਯੁੱਧ ਵਰਗੇ ਹਾਲਾਤ ਪੈਦਾ ਕਰ ਦਿੱਤੇ। ਇਸ ਕਾਰਨ ਪੂਰੇ ਖੇਤਰ 'ਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ ਅਤੇ ਲੋਕ ਸੁਰੱਖਿਅਤ ਸਥਾਨਾਂ ਵੱਲ ਭੱਜਣ ਲੱਗੇ।
ਸ਼ੁੱਕਰਵਾਰ ਦੇਰ ਸ਼ਾਮ ਪਾਕਿ ਫੌਜ ਵਲੋਂ ਇਕ ਵਾਰ ਮੁੜ ਗੋਲੀਬਾਰੀ ਦੀ ਉਲੰਘਣਾ ਕਰਦੇ ਹੋਏ ਇਕੱਠੇ ਦਰਜਨਾਂ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿ ਫੌਜ ਵਲੋਂ ਸਭ ਤੋਂ ਪਹਿਲਾਂ ਗੋਲੀਬਾਰੀ ਦੀ ਉਲੰਘਣਾ ਕਰਕੇ 2.55 ਵਜੇ ਪੁੰਛ ਜ਼ਿਲਾ ਮੁੱਖ ਦਫਤਰ ਦੇ ਨਾਲ ਲੱਗਦੇ ਸ਼ਾਹਪੁਰ-ਕਿਰਨੀ ਸੈਕਟਰ ਦੇ ਕਾਈਆਂ ਖੇਤਰ 'ਚ ਗੋਲੀਬਾਰੀ ਸ਼ੁਰੂ ਕੀਤੀ ਗਈ ਅਤੇ ਭਾਰਤੀ ਖੇਤਰ 'ਚ ਖੂਬ ਗੋਲੇ ਵਰ੍ਹਾਏ ਗਏ, ਜਿਸ ਦਾ ਭਾਰਤੀ ਫੌਜ ਵਲੋਂ ਜ਼ੋਰਦਾਰ ਜਵਾਬ ਦਿੱਤਾ ਗਿਆ। ਉਥੇ ਹੀ ਕੁਝ ਦੇਰ ਬਾਅਦ ਪਾਕਿ ਫੌਜ ਨੇ ਕ੍ਰਿਸ਼ਨਾ ਘਾਟੀ ਸੈਕਟਰ ਤੇ ਬਾਲਾਕੋਟ ਸੈਕਟਰ ''ਚ ਦਰਜਨਾਂ ਪਿੰਡਾਂ 'ਚ ਗੋਲੀਬਾਰੀ ਦੀ ਉਲੰਘਣਾ ਕਰਦੇ ਹੋਏ ਭਾਰੀ ਗੋਲੀਬਾਰੀ ਕਰਕੇ ਮੋਰਟਾਰ ਦਾਗੇ, ਜਿਸ ਕਾਰਨ ਪੂਰੇ ਖੇਤਰ 'ਚ ਇਕ ਵਾਰ ਮੁੜ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।