ਮਣੀਪੁਰ ਘਟਨਾ ਦੀ ਪੀੜਤ ਦੇ ਫ਼ੌਜੀ ਪਤੀ ਦਾ ਦਰਦਨਾਕ ਬਿਆਨ, ਕਿਹਾ-ਦੇਸ਼ ਦੀ ਕੀਤੀ ਰੱਖਿਆ ਪਰ ਪਤਨੀ...
Friday, Jul 21, 2023 - 06:29 PM (IST)
ਇੰਫਾਲ (ਭਾਸ਼ਾ)- ਮਣੀਪੁਰ 'ਚ ਭੀੜ ਵਲੋਂ ਨਗਨ ਕਰ ਕੇ ਘੁੰਮਾਈਆਂ ਗਈਆਂ 2 ਔਰਤਾਂ 'ਚੋਂ ਇਕ ਦੇ ਪਤੀ ਅਤੇ ਕਾਰਗਿਲ ਯੁੱਧ 'ਚ ਹਿੱਸਾ ਲੈ ਚੁੱਕੇ ਸਾਬਕਾ ਫ਼ੌਜ ਕਰਮੀ ਨੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਰੱਖਿਆ ਕੀਤੀ ਪਰ ਉਹ ਆਪਣੀ ਪਤਨੀ ਨੂੰ ਅਪਮਾਨਤ ਹੋਣ ਤੋਂ ਨਹੀਂ ਬਚ ਸਕੇ। ਜਨਜਾਤੀ ਔਰਤਾਂ ਨਾਲ 4 ਮਈ ਨੂੰ ਹੋਈ ਇਸ ਘਟਨਾ ਦਾ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਇਆ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਦੇਸ਼ ਭਰ 'ਚ ਗੁੱਸਾ ਜਤਾਇਆ ਗਿਆ। ਇਕ ਪੀੜਤਾ ਦੇ ਪਤੀ ਭਾਰਤੀ ਫ਼ੌਜ ਦੀ ਆਸਾਮ ਰੈਜੀਮੈਂਟ 'ਚ ਸੂਬੇਦਾਰ ਵਜੋਂ ਸੇਵਾ ਪ੍ਰਦਾਨ ਕਰ ਚੁੱਕੇ ਹਨ।
ਪੀੜਤਾ ਦੇ ਪਤੀ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਮੈਂ ਕਾਰਗਿਲ ਯੁੱਧ 'ਚ ਦੇਸ਼ ਲਈ ਲੜਾਈ ਲੜੀ ਅਤੇ ਭਾਰਤੀ ਸ਼ਾਂਤੀ ਫ਼ੌਜ ਦੇ ਹਿੱਸੇ ਵਜੋਂ ਸ਼੍ਰੀਲੰਕਾ 'ਚ ਵੀ ਤਾਇਨਾਤ ਰਿਹਾ ਸੀ। ਮੈਂ ਦੇਸ਼ ਦੀ ਰੱਖਿਆ ਕੀਤੀ ਪਰ ਮੈਂ ਨਿਰਾਸ਼ ਹਾਂ ਕਿ ਆਪਣੀ ਸੇਵਾਮੁਕਤੀ ਤੋਂ ਬਾਅਦ ਮੈਂ ਆਪਣੇ ਘਰ, ਆਪਣੀ ਪਤਨੀ ਅਤੇ ਸਾਥੀ ਪਿੰਡ ਵਾਸੀਆਂ ਦੀ ਰੱਖਿਆ ਨਹੀਂ ਕਰ ਸਕਿਆ। ਮੈਂ ਦੁਖ਼ੀ ਅਤੇ ਉਦਾਸ ਹਾਂ।'' ਉਨ੍ਹਾਂ ਕਿਹਾ ਕਿ ਚਾਰ ਮਈ ਦੀ ਸਵੇਰ ਇਕ ਭੀੜ ਨੇ ਇਲਾਕੇ ਦੇ ਕਈ ਘਰਾਂ ਨੂੰ ਸਾੜ ਦਿੱਤਾ, 2 ਔਰਤਾਂ ਨੂੰ ਨਗਨ ਕਰ ਦਿੱਤਾ ਅਤੇ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਪਿੰਡ 'ਚ ਤੁਰਨ ਲਈ ਮਜ਼ਬੂਰ ਕੀਤਾ। ਸਾਬਕਾ ਫ਼ੌਜ ਕਰਮੀ ਨੇ ਕਿਹਾ,''ਪੁਲਸ ਮੌਜੂਦ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਮਿਲੇ, ਜਿਨ੍ਹਾਂ ਨੇ ਘਰ ਸਾੜੇ ਅਤੇ ਔਰਤਾਂ ਨੂੰ ਅਪਮਾਨਤ ਕੀਤਾ।'' ਵੀਡੀਓ ਸਾਹਮਣੇ ਆਉਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8