ਸ਼ਾਂਤੀ ਲਿਆਉਣ ਲਈ ਭਾਰਤ ਦੇਵੇ ਇਕ ਮੌਕਾ : ਇਮਰਾਨ
Monday, Feb 25, 2019 - 08:24 AM (IST)

ਇਸਲਾਮਾਬਾਦ, (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਆਪਣੇ ਭਾਰਤੀ ਹਮ-ਰੁਤਬਾ ਨਰਿੰਦਰ ਮੋਦੀ ਨੂੰ ‘ਸ਼ਾਂਤੀ ਲਿਆਉਣ ਲਈ ਇਕ ਮੌਕਾ ਦੇਣ’ ਦੀ ਗੱਲ ਕਹੀ ਅਤੇ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਉਹ ਆਪਣੀ ਜ਼ੁਬਾਨ ’ਤੇ ‘ਕਾਇਮ’ ਰਹਿਣਗੇ ਅਤੇ ਜੇਕਰ ਭਾਰਤ ਪੁਲਵਾਮਾ ਹਮਲੇ ’ਤੇ ਪਾਕਿਸਤਾਨ ਨੂੰ ‘ਕਾਰਵਾਈ ਯੋਗ ਖੁਫੀਆ ਜਾਣਕਾਰੀ’ ਮੁਹੱਈਆ ਕਰਵਾਉਂਦਾ ਹੈ ਤਾਂ ਉਸ ਉੱਤੇ ‘ਤਤਕਾਲ’ ਕਾਰਵਾਈ ਕੀਤੀ ਜਾਵੇਗੀ। ਖਾਨ ਦੀ ਇਹ ਟਿੱਪਣੀ ਰਾਜਸਥਾਨ ’ਚ ਮੋਦੀ ਦੀ ਉਸ ਰੈਲੀ ਮਗਰੋਂ ਆਈ ਹੈ, ਜਿਸ ’ਚ ਉਨ੍ਹਾਂ ਕਿਹਾ ਸੀ, ‘‘ਅੱਤਵਾਦ ਵਿਰੁੱਧ ਪੂਰੀ ਦੁਨੀਆ ’ਚ ਆਮ ਸਹਿਮਤੀ ਹੈ।
ਅੱਤਵਾਦ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਸੀਂ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਇਸ ਵਾਰ ਹਿਸਾਬ ਹੋਵੇਗਾ ਤੇ ਬਰਾਬਰ ਹੋਵੇਗਾ...ਇਹ ਬਦਲਿਆ ਹੋਇਆ ਭਾਰਤ ਹੈ, ਇਸ ਦਰਦ ਨੂੰ ਸਹਿਣ ਨਹੀਂ ਕੀਤਾ ਜਾਵੇਗਾ...ਅਸੀਂ ਜਾਣਦੇ ਹਾਂ ਕਿ ਅੱਤਵਾਦ ਨੂੰ ਕਿਵੇਂ ਦਰੜਨਾ ਹੈ।’’ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਮਗਰੋਂ ਖਾਨ ਨੂੰ ਵਧਾਈ ਦੇਣ ਲਈ ਫੋਨ ’ਤੇ ਉਨ੍ਹਾਂ ਨਾਲ ਹੋਈ ਗੱਲਬਾਤ ਨੂੰ ਯਾਦ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ, ‘‘ਆਓ ਗਰੀਬੀ ਤੇ ਅਨਪੜ੍ਹਤਾ ਵਿਰੁੱਧ ਲੜਾਈ ਲੜੀਏ। ਇਸ ’ਤੇ ਖਾਨ ਨੇ ਕਿਹਾ ਸੀ ਕਿ ਮੋਦੀ ਜੀ ਮੈਂ ਪਠਾਨ ਦਾ ਬੱਚਾ ਹਾਂ, ਸੱਚ ਕਹਿੰਦਾ ਹਾਂ। ਅੱਜ ਉਨ੍ਹਾਂ ਦੇ ਸ਼ਬਦਾਂ ਨੂੰ ਕਸੌਟੀ ’ਤੇ ਤੋਲਣ ਦਾ ਸਮਾਂ ਹੈ।’’