ਚਿਦਾਂਬਰਮ ਦਾ ਨਵਾਂ ਟਿਕਾਣਾ ਤਿਹਾੜ ਦੀ ਜੇਲ ਨੰਬਰ 7, ਹਲਕੇ ਨਾਸ਼ਤੇ ਨਾਲ ਕੀਤੀ ਦਿਨ ਦੀ ਸ਼ੁਰੂਆਤ

09/06/2019 11:18:38 AM

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਨਵਾਂ ਟਿਕਾਣਾ ਤਿਹਾੜ ਜੇਲ ਹੈ, ਜਿੱਥੇ ਉਨ੍ਹਾਂ ਨੇ ਵੀਰਵਾਰ ਨੂੰ ਪਹਿਲੀ ਰਾਤ ਕੱਟੀ ਅਤੇ ਸ਼ੁੱਕਰਵਾਰ ਨੂੰ ਆਪਣੇ ਦਿਨ ਦੀ ਸ਼ੁਰੂਆਤ ਹਲਕੇ ਨਾਸ਼ਤੇ ਨਾਲ ਕੀਤੀ। ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਇਕ ਕੋਰਟ ਨੇ ਉਨ੍ਹਾਂ ਨੂੰ 2 ਹਫਤਿਆਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਹੈ। ਜੇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਨੇਤਾ ਨੂੰ ਵੀਰਵਾਰ ਸ਼ਾਮ ਜੇਲ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਵੱਖ ਕੋਠੀ ਅਤੇ ਵੈਸਟਰਨ ਟਾਇਲਟ ਤੋਂ ਇਲਾਵਾ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲੇਗੀ। ਇਹ ਵਿਸ਼ੇਸ਼ ਸਹੂਲਤਾਂ ਉਨ੍ਹਾਂ ਨੂੰ ਅਪੀਲ 'ਤੇ ਕੋਰਟ ਨੇ ਦਿੱਤੀਆਂ ਹਨ। ਕੋਰਟ ਨੇ ਉਨ੍ਹਾਂ ਨੂੰ ਜੇਲ 'ਚ ਆਪਣੇ ਨਾਲ ਚਸ਼ਮਾ, ਦਵਾਈਆਂ ਲਿਜਾਉਣ ਦੀ ਮਨਜ਼ੂਰੀ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਨੂੰ ਤਿਹਾੜ ਜੇਲ 'ਚ ਵੱਖ ਕੋਠੀ 'ਚ ਰੱਖਿਆ ਜਾਵੇ, ਕਿਉਂਕਿ ਉਨ੍ਹਾਂ ਨੂੰ ਜੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ। ਹੋਰ ਕੈਦੀਆਂ ਦੀ ਤਰ੍ਹਾਂ ਉਹ ਜੇਲ 'ਚ ਲਾਇਬਰੇਰੀ ਜਾ ਸਕਦੇ ਹਨ ਅਤੇ ਯਕੀਨੀ ਮਿਆਦ ਲਈ ਟੈਲੀਵਿਜ਼ਨ ਦੇਖ ਸਕਦੇ ਹਨ।

ਚਿਦਾਂਬਰਮ ਦਾ ਬੇਟਾ ਵੀ ਜੇਲ ਨੰਬਰ 7 'ਚ ਸੀ ਬੰਦ
ਸੂਤਰਾਂ ਨੇ ਦੱਸਿਆ ਕਿ ਚਿਦਾਂਬਰਮ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਹਲਕਾ ਨਾਸ਼ਤਾ ਕੀਤਾ। ਬੀਤੀ ਰਾਤ ਨੂੰ ਉਨ੍ਹਾਂ ਨੇ ਜੇਲ ਦੇ ਮੈਨਿਊ ਅਨੁਸਾਰ ਰੋਟੀਆਂ, ਦਾਲ, ਸਬਜ਼ੀ ਅਤੇ ਚਾਵਲ ਖਾਧੇ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਚਿਦਾਂਬਰਮ ਨੂੰ ਰਾਊਜ ਐਵੇਨਿਊ 'ਚ ਇਕ ਵਿਸ਼ੇਸ਼ ਸੀ.ਬੀ.ਆਈ. ਕੋਰਟ ਤੋਂ ਵੀਰਵਾਰ ਨੂੰ ਨੀਲੇ ਰੰਗ ਦੀ ਪੁਲਸ ਬੱਸ 'ਚ ਜੇਲ ਲਿਆਂਦਾ ਗਿਆ। ਇਹ ਅਜੀਬ ਇਤਫਾਕ ਹੈ ਕਿ ਉਨ੍ਹਾਂ ਨੂੰ ਜੇਲ ਨੰਬਰ7 'ਚ ਬੰਦ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਬੇਟਾ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਹੀ ਪਿਛਲੇ ਸਾਲ 12 ਦਿਨ ਤੱਕ ਰਿਹਾ ਸੀ।

ਜੇਲ ਨੰਬਰ 7 'ਚ ਈ.ਡੀ. ਦਾ ਸਾਹਮਣਾ ਕਰ ਰਹੇ ਕੈਦੀ ਰਹਿੰਦੇ ਹਨ
ਅਧਿਕਾਰੀਆਂ ਨੇ ਦੱਸਿਆ ਕਿ ਜੇਲ ਨੂੰ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਸੀ, ਕਿਉਂਕਿ ਜੇਲ ਅਧਿਕਾਰੀਆਂ ਨੂੰ ਅਨੁਮਾਨ ਸੀ ਕਿ ਕਾਂਗਰਸ ਦੇ ਸੀਨੀਅਰ ਨੇਤਾ ਵਿਰੁੱਧ ਚੱਲ ਰਹੇ ਅਦਾਲਤੀ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇੱਥੇ ਲਿਆਂਦਾ ਜਾ ਸਕਦਾ ਹੈ। ਜੇਲ ਨੰਬਰ 7 'ਚ ਦਰਅਸਲ ਉਹ ਕੈਦੀ ਰਹਿੰਦੇ ਹਨ ਜੋ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਮਾਮਲਿਆਂ ਦਾ ਸਾਹਮਣੇ ਕਰਦੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਵੀ ਇਸ ਜੇਲ 'ਚ ਬੰਦ ਕੀਤਾ ਗਿਆ ਹੈ। ਈ.ਡੀ. ਅਗਸਤਾ ਵੈਸਟਲੈਂਡ ਅਤੇ ਇਕ ਬੈਂਕ ਧੋਖਾਧੜੀ ਦੇ ਮਾਮਲੇ 'ਚ ਉਨ੍ਹਾਂ ਦੀ ਜਾਂਚ ਕਰ ਰਹੀ ਹੈ।

ਤਿਹਾੜ ਜੇਲ 'ਚ 17,400 ਕੈਦੀ ਹਨ
ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤਿਹਾੜ ਜੇਲ 'ਚ 17,400 ਕੈਦੀ ਹਨ, ਜਿਨ੍ਹਾਂ 'ਚ ਕਰੀਬ 14 ਹਜ਼ਾਰ ਵਿਚਾਰ ਅਧੀਨ ਕੈਦੀ ਹਨ। 31 ਦਸੰਬਰ 2018 ਤੱਕ ਤਿਹਾੜ ਜੇਲ 'ਚ 14,938 ਪੁਰਸ਼ ਅਤੇ 530 ਔਰਤਾਂ ਬੰਦ ਸਨ, ਜੋ 31 ਦਸੰਬਰ 2017 ਦੇ ਮੁਕਾਬਲੇ 2.20 ਫੀਸਦੀ ਵਧ ਗਿਣਤੀ ਹੈ। ਵਿਚਾਰ ਅਧੀਨ ਕੈਦੀਆਂ ਦੀ ਗਿਣਤੀ ਵਧਣ ਕਾਰਨ ਇਹ ਵਾਧਾ ਹੋਇਆ ਹੈ। ਤਿਹਾੜ ਜੇਲ 'ਚ ਮਰਹੂਮ ਕਾਂਗਰਸ ਨੇਤਾ ਸੰਜੇ ਗਾਂਧੀ, ਸਾਬਕਾ ਜੇ.ਐੱਨ.ਯੂ.ਐੱਸ.ਯੂ. ਨੇਤਾ ਕਨ੍ਹਈਆ ਕੁਮਾਰ, ਰਾਜਦ ਮੁਖੀ ਲਾਲੂ ਯਾਦਵ, ਉਦਯੋਗਪਤੀ ਸੁਬਰਤ ਰਾਏ, ਗੈਂਗਸਟਰ ਛੋਟਾ ਰਾਜਨ ਅਤੇ ਚਾਰਲਸ ਸ਼ੋਭਰਾਜ, ਸਮਾਜਿਕ ਵਰਕਰ, ਅੰਨਾ ਹਜ਼ਾਰੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਹਾਈ-ਪ੍ਰੋਫਾਈਲ ਕੈਦ ਰਹਿ ਚੁਕੇ ਹਨ। ਨਿਰਭਿਆ ਸਮੂਹਕ ਬਲਾਤਕਾਰ ਦੇ ਦੋਸ਼ੀ ਵੀ ਇਸੇ ਜੇਲ 'ਚ ਬੰਦ ਹਨ।


DIsha

Content Editor

Related News