ਕੀ ਫਿਰ ਪੀ. ਐੱਮ. ਮੋਦੀ ਨੂੰ ਲੋਕ ਸਭਾ ਪਹੁੰਚਾਏਗੀ ਵਾਰਾਨਸੀ?

Tuesday, Mar 12, 2019 - 06:08 AM (IST)

ਕੀ ਫਿਰ ਪੀ. ਐੱਮ. ਮੋਦੀ ਨੂੰ ਲੋਕ ਸਭਾ ਪਹੁੰਚਾਏਗੀ ਵਾਰਾਨਸੀ?

ਵਾਰਾਨਸੀ,(ਵਿਸ਼ੇਸ਼)- ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦਾ ਪ੍ਰੋਗਰਾਮ ਐਲਾਨ ਕਰਨ ਦੇ ਨਾਲ ਹੀ ਪੂਰੇ ਦੇਸ਼ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਪ੍ਰਧਾਨ ਨਰਿੰਦਰ ਮੋਦੀ ਹਜ਼ਾਰਾਂ ਕਰੋੜ ਰੁਪਏ ਦੇ ਉਦਘਾਟਨ ਕਾਰਜਾਂ ਦੇ ਜ਼ਰੀਏ ਚੋਣ ਵਾਅਦਿਆਂ ਦੀ ਗੰਗਾ ਵਹਾ ਚੁੱਕੇ ਹਨ। ਇਨ੍ਹਾਂ ਸਾਰਿਆਂ ਵਿਚਾਲੇ ਮੋਦੀ ਦਾ ਇਕ ਵਾਰ ਫਿਰ ਵਾਰਾਨਸੀ ਸੀਟ ਤੋਂ ਚੋਣ ਲੜਨਾ ਵੀ ਤੈਅ ਹੈ।
ਪਿਛਲੀ ਵਾਰ ਮੋਦੀ ਨੇ ਵਾਰਾਨਸੀ ਤੋਂ ਇਲਾਵਾ ਗੁਜਰਾਤ ’ਚ ਗਾਂਧੀਨਗਰ ਤੋਂ ਵੀ ਚੋਣ ਲੜੀ ਸੀ ਅਤੇ ਦੋਵਾਂ ਸੀਟਾਂ ’ਤੇ ਰਿਕਾਰਡ ਜਿੱਤ ਦਰਜ ਕੀਤੀ ਸੀ। ਇਸ ਵਾਰ ਉਨ੍ਹਾਂ ਦੇ ਓਡਿਸ਼ਾ ਦੀ ਪੁਰੀ ਸੀਟ ਤੋਂ ਵੀ ਚੋਣ ਮੈਦਾਨ ਵਿਚ ਉਤਰਨ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਵੈਸੇ ਵਾਰਾਨਸੀ ਸੀਟ ਦੀ ਗੱਲ ਕਰੀਏ ਤਾਂ ਇਥੋਂ ਭਾਜਪਾ ਦੇ ਇਲਾਵਾ ਕਿਸੇ ਵੀ ਦੂਸਰੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਇਥੇ ਪਿਛਲੀ ਵਾਰ ਵਾਂਗ ਇਸ ਵਾਰ ਵੀ ਬ੍ਰਾਹਮਣ, ਕੁਰਮੀ, ਵੈਸ਼ ਤੇ ਕਿਸਾਨਾਂ ਦੇ ਭਰੋਸੇ ਫਿਰ ਚੋਣ ਬੇੜੀ ਪਾਰ ਲਾਉਣ ਦੀ ਕੋਸ਼ਿਸ਼ ਕਰੇਗੀ। ਅਜਿਹੇ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਾਰਾਨਸੀ ਸੀਟ ਇਕ ਵਾਰ ਫਿਰ ਮੋਦੀ ਨੂੰ ਲੋਕ ਸਭਾ ਵਿਚ ਪਹੁੰਚਾਉਣ ਵਿਚ ਕਾਮਯਾਬ ਰਹੇਗੀ?
1991 ਤੋਂ ਭਾਜਪਾ ਨੇ ਸਿਰਫ ਇਕ ਵਾਰ ਗੁਆਈ ਇਹ ਸੀਟ-ਭਾਜਪਾ ਨੇ ਇਥੇ 1991 ਤੋਂ 2014 ਤਕ ਹੋਈਆਂ 7 ਵਿਚੋਂ 6 ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ। ਸਿਰਫ ਇਕ ਵਾਰ 2004 ਵਿਚ ਕਾਂਗਰਸ ਦੇ ਰਾਜੇਸ਼ ਕੁਮਾਰ ਮਿਸ਼ਰਾ 3 ਵਾਰ ਦੇ ਸੰਸਦ ਮੈਂਬਰ ਸ਼ੰਕਰ ਪ੍ਰਸਾਦ ਜਾਇਸਵਾਲ ਨੂੰ ਹਰਾਉਣ ਵਿਚ ਸਫਲ ਰਹੇ ਸਨ। ਹਾਲਾਂਕਿ 2009 ਵਿਚ ਵੀ ਭਾਜਪਾ ਇਥੋਂ ਮੁਸ਼ਕਲ ਨਾਲ ਜਿੱਤੀ ਸੀ। ਉਦੋਂ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਆਪਣੇ ਨਜ਼ਦੀਕੀ ਵਿਰੋਧੀ ਬਸਪਾ ਦੇ ਮੁਖਤਾਰ ਅੰਸਾਰੀ ਤੋਂ ਸਿਰਫ 17,211 ਵੋਟਾਂ ਨਾਲ ਜਿੱਤੇ ਸਨ। ਹਾਲਾਂਕਿ ਪਿਛਲੀ ਵਾਰ ਮੋਦੀ ਲਹਿਰ ਵਿਚ ਭਾਜਪਾ ਨੇ ਇਸ ਸੀਟ ’ਤੇ ਆਮ ਆਦਮੀ ਪਾਰਟੀ ਦੇ ਨੇੜਲੇ ਉਮੀਦਵਾਰ ਅਰਵਿੰਦ ਕੇਜਰੀਵਾਲ ਨੂੰ 3,71,784 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਅਜਿਹਾ ਹੈ ਇਸ ਸੀਟ ਦਾ ਜਾਤੀਗਤ ਸਮੀਕਰਨ-ਵਾਰਾਨਸੀ ਸੀਟ ’ਤੇ ਤਕਰੀਬਨ 16 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਹ ਵੋਟਰ ਕੁਲ 8 ਵਿਧਾਨ ਸਭਾਵਾਂ ਤੋਂ ਆਉਂਦੇ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ 3 ਲੱਖ ਦੇ ਕਰੀਬ ਮੁਸਲਿਮ ਵੋਟਰ ਹਨ। 2.5 ਲੱਖ ਬ੍ਰਾਹਮਣ, 2 ਲੱਖ ਵੈਸ਼, 1.5 ਲੱਖ ਕੁਰਮੀ ਪਟੇਲ, 1.5 ਲੱਖ ਯਾਦਵ, 1.5 ਲੱਖ ਕਿਸਾਨ, 65 ਹਜ਼ਾਰ ਕਾਯਸਥ, 80 ਹਜ਼ਾਰ ਦਲਿਤ ਅਤੇ ਇੰਨੇ ਹੀ ਚੌਰਸੀਆ ਸਮਾਜ ਦੇ ਵੋਟਰ ਸ਼ਾਮਲ ਹਨ। ਪਿਛਲੀ ਵਾਰ ਵਾਂਗ ਇਸ ਵਾਰ ਵੀ ਭਾਜਪਾ ਨੂੰ ਬ੍ਰਾਹਮਣ, ਕੁਰਮੀ, ਵੈਸ਼ ਅਤੇ ਕਿਸਾਨਾਂ ਦੀਆਂ ਇਕਤਰਫਾ ਵੋਟਾਂ ਮਿਲਣ ਦੀ ਸੰਭਾਵਨਾ ਹੈ। 3 ਤਲਾਕ ਦੇ ਮੁੱਦੇ ’ਤੇ ਕੁਝ ਹੱਦ ਤਕ ਮੁਸਲਿਮ ਔਰਤਾਂ ਦੀਆਂ ਵੋਟਾਂ ਵੀ ਭਾਜਪਾ ਨੂੰ ਜਾ ਸਕਦੀਆਂ ਹਨ। ਉਂਝ ਇਥੋਂ ਦੀਆਂ ਮੁਸਲਿਮ ਵੋਟਾਂ ਗੈਰ-ਭਾਜਪਾ ਪਾਰਟੀਆਂ ਨੂੰ, ਯਾਦਵ ਵੋਟਾਂ ਸਮਾਜਵਾਦੀ ਪਾਰਟੀ ਨੂੰ, ਚੌਰਸੀਆ ਤੇ ਦਲਿਤ ਵੋਟਾਂ ਬਸਪਾ ਨੂੰ ਅਤੇ ਕਾਯਸਥ ਵੋਟਾਂ ਕਾਂਗਰਸ ਤੇ ਹੋਰ ਪਾਰਟੀਆਂ ਵਿਚਾਲੇ ਵੰਡੀਆਂ ਜਾ ਸਕਦੀਆਂ ਹਨ। ਅਜਿਹੇ ਵਿਚ ਆਪਣੇ ਰਵਾਇਤੀ ਵੋਟਰਾਂ ਦੇ ਸਹਾਰੇ ਮੋਦੀ ਇਥੋਂ ਇਕ ਵਾਰ ਫਿਰ ਵੱਡੇ ਫਰਕ ਨਾਲ ਜਿੱਤ ਦਰਜ ਕਰ ਸਕਦੇ ਹਨ।
ਅਮਰੀਕੀ ਸੂਬੇ ਓਕਲਾਹਾਮਾ ਦੇ ਬਰਾਬਰ ਹੈ ਵਾਰਾਨਸੀ ਦੀ ਆਬਾਦੀ-2011 ਦੀ ਮਰਦਮਸ਼ੁਮਾਰੀ ਦੇ ਹਿਸਾਬ ਨਾਲ ਵਾਰਾਨਸੀ ਦੀ 36,82,894 ਦੀ ਆਬਾਦੀ ਵਿਚ 84.52 ਫੀਸਦੀ ਹਿੰਦੂ ਅਤੇ 14.88 ਫੀਸਦੀ ਮੁਸਲਿਮ ਹਨ। ਵਾਰਾਨਸੀ ਦੀ ਆਬਾਦੀ ਲਾਇਬੇਰੀਆ ਜਾਂ ਅਮਰੀਕੀ ਸੂਬੇ ਓਕਲਾਹਾਮਾ ਦੇ ਬਰਾਬਰ ਹੈ ਜਿਸ ਕਾਰਨ ਇਹ ਆਬਾਦੀ ਦੇ ਮਾਮਲੇ ਵਿਚ ਦੇਸ਼ ਦਾ 75ਵਾਂ ਸ਼ਹਿਰ ਹੈ। ਪ੍ਰਤੀ ਵਰਗ ਕਿਲੋਮੀਟਰ ਘਣਤਵ 2399 ਹੈ ਜਿਥੇ ਪ੍ਰਤੀ 1000 ਮਰਦਾਂ ਪਿੱਛੇ 909 ਔਰਤਾਂ ਹਨ ਅਤੇ ਸਾਖਰਤਾ 77.05 ਫੀਸਦੀ ਹੈ। ਵਾਰਾਨਸੀ ਲੋਕ ਸਭਾ 5 ਵਿਧਾਨ ਸਭਾ ਹਲਕਿਆਂ ਰੋਹਾਨੀਆ, ਵਾਰਾਨਸੀ ਉਤਰ, ਵਾਰਾਨਸੀ ਦੱਖਣ, ਵਾਰਾਨਸੀ ਕੈਂਟ ਅਤੇ ਸੇਵਾਪੁਰੀ ਵਿਧਾਨ ਸਭਾ ਤੋਂ ਮਿਲ ਕੇ ਬਣੀ ਹੈ। ਇਨ੍ਹਾਂ ਵਿਚੋਂ 3 ਸ਼ਹਿਰੀ ਤੇ ਦੋ ਪੇਂਡੂ ਖੇਤਰਾਂ ਦੀਆਂ ਸੀਟਾਂ ਹਨ। ਇਹ ਸਾਰੀਆਂ ਪੰਜੇ ਵਿਧਾਨ ਸਭਾ ਸੀਟਾਂ ਇਸ ਵੇਲੇ ਭਾਜਪਾ ਕੋਲ ਹਨ।
ਵਿਕਾਸ ਬਨਾਮ ਰਾਸ਼ਟਰਵਾਦ ਹੈ ਚੋਣ ਮੁੱਦਾ-ਭਾਜਪਾ ਦੇ ਵਿਧਾਇਕ, ਵਰਕਰ ਅਤੇ ਜ਼ਮੀਨੀ ਨੇਤਾ ਜਿਥੇ ਵਾਰਾਨਸੀ ਵਿਚ ਰਾਸ਼ਟਰਵਾਦ ਦੇ ਨਾਂ ’ਤੇ ਵੋਟਾਂ ਮੰਗਣਗੇ, ਉਥੇ ਹੀ ਕਾਂਗਰਸ ਨੇ ਮੋਦੀ ਦੇ ਵਿਕਾਸ ਦੇ ਨਾਅਰੇ ਨੂੰ ਮੁੱਦਾ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਭਾਜਪਾ ਜਿਥੇ ਗਾਂਧੀ ਪਰਿਵਾਰ ਖਾਸ ਤੌਰ ’ਤੇ ਰਾਬਰਟ ਵਢੇਰਾ ’ਤੇ ਨਿਸ਼ਾਨਾ ਲਾ ਰਹੀ ਹੈ, ਉਥੇ ਹੀ ਕਾਂਗਰਸ ਗੰਗਾ ਦੀ ਸਫਾਈ ਅਤੇ ਵਾਰਾਨਸੀ ਨੂੰ ਕਿਓਟੋ ਬਣਾਉਣ ਦੇ ਮੋਦੀ ਦੇ 2014 ਦੇ ਚੋਣ ਵਾਅਦੇ ਦੀ ਯਾਦ ਦਿਵਾ ਰਹੀ ਹੈ।
 


author

Bharat Thapa

Content Editor

Related News