OYO ਰੂਮਜ਼ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ 25 ਪ੍ਰਤੀਸ਼ਤ ਕਟੌਤੀ ਦਾ ਕੀਤਾ ਐਲਾਨ
Thursday, Apr 23, 2020 - 07:41 PM (IST)

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਭਾਰਤ ਵਿਚ ਲਾਕਡਾਊਨ ਜਾਰੀ ਹੈ। ਇਸ ਨਾਲ ਦੇਸ਼ ਭਰ ਦਾ ਹੋਟਲ ਉਦਯੋਗ ਪੂਰੀ ਤਰ੍ਹਾਂ ਠੱਪ ਹੈ। ਇਸ ਤਰ੍ਹਾਂ ਹੋਟਲ ਚੇਨ ਕੰਪਨੀ ਓਯੋ ਰੂਮਜ਼ ਨੇ ਭਾਰਤ ਵਿਚ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ 25 ਪ੍ਰਤੀਸ਼ਤ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਚਾਰ ਮਹੀਨਿਆਂ ਲਈ ਕੱਟਿਆ ਜਾਵੇਗਾ
ਕੰਪਨੀ ਦੁਆਰਾ ਕਟੌਤੀ ਅਪ੍ਰੈਲ ਤੋਂ ਚਾਰ ਮਹੀਨਿਆਂ ਲਈ ਕੀਤੀ ਜਾਏਗੀ। ਕੰਪਨੀ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਸੀਮਤ ਲਾਭ ਦੇ ਨਾਲ ਛੁੱਟੀ 'ਤੇ ਭੇਜ ਦਿੱਤਾ ਹੈ। ਓਯੋ ਨੇ ਅਮਰੀਕਾ ਵਿਚ ਮਾਰਚ ਦੇ ਅੱਧ ਤੋਂ ਸੇਲਸ, ਬਿਜ਼ਨਸ ਡਵੈਲਪਮੈਂਟ ਅਤੇ ਐਚ.ਆਰ. ਅਹੁਦਿਆਂ ਦੀ ਛਾਂਟੀ ਕੀਤੀ ਹੈ। ਅਪ੍ਰੈਲ ਦੇ ਪਹਿਲੇ ਹਫਤੇ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਵਿਚ ਓਯੋ ਦੇ ਸੀ.ਈ.ਓ. ਰੋਹਿਤ ਕਪੂਰ ਨੇ ਕਰਮਚਾਰੀਆਂ ਨੂੰ ਭੇਜੀ ਇੱਕ ਈ-ਮੇਲ ਵਿਚ ਕਿਹਾ, 'ਕੰਪਨੀ ਭਾਰਤ ਵਿਚ ਕਰਮਚਾਰੀਆਂ ਦੀ ਤਨਖਾਹ 'ਚ 25% ਦੀ ਕਟੌਤੀ ਕਰੇਗੀ। ਤਨਖਾਹ 'ਚ ਕਟੌਤੀ ਦਾ ਅਸਰ 5 ਲੱਖ ਰੁਪਏ ਸਾਲਾਨਾ ਤੋਂ ਘੱਟ ਕਮਾਈ ਕਰਨ ਵਾਲੇ ਕਰਮਚਾਰੀਆਂ 'ਤੇ ਨਹੀਂ ਪਏਗਾ।'
ਕਪੂਰ ਨੇ ਦੱਸਿਆ ਕਿ ਓਯੋ ਦੇ ਕੁਝ ਕਰਮਚਾਰੀਆਂ ਨੂੰ 4 ਮਈ ਤੋਂ ਚਾਰ ਮਹੀਨਿਆਂ ਲਈ ਛੁੱਟੀ 'ਤੇ ਭੇਜਿਆ ਜਾਵੇਗਾ। ਛੁੱਟੀ 'ਤੇ ਜਾਣ ਵਾਲੇ ਕਰਮਚਾਰੀ ਨੂੰ ਮੈਡੀਕਲ ਇੰਸ਼ੋਰੈਂਸ ਅਤੇ ਪੈਟਰਨ ਬੀਮਾ, ਸਕੂਲ ਫੀਸ ਦੀ ਮੁੜ ਅਦਾਇਗੀ ਜਾਰੀ ਰਹੇਗੀ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਜੇ ਕਿਸੇ ਕਰਮਚਾਰੀ ਦੇ ਨਾਲ ਕੋਈ ਅਚਾਨਕ ਮੈਡੀਕਲ ਐਮਰਜੈਂਸੀ ਵਰਗੀ ਸਥਿਤੀ ਆਉਂਦੀ ਹੈ, ਤਾਂ ਇਹ ਡਾਕਟਰੀ ਬੀਮੇ ਤੋਂ ਇਲਾਵਾ ਵੀ ਸਹਾਇਤਾ ਦਿੱਤੀ ਜਾਵੇਗੀ।