ਖਾਲੀ ਆਕਸੀਜਨ ਟੈਂਕਰਾਂ ਦੀ ਖੇਪ ਥਾਈਲੈਂਡ ਤੋਂ ਭਾਰਤ ਪਹੁੰਚੀ, ਗ੍ਰਹਿ ਮੰਤਰਾਲਾ ਨੇ ਟਵੀਟ ਕਰ ਦਿੱਤੀ ਜਾਣਕਾਰੀ
Tuesday, Apr 27, 2021 - 04:39 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਮੈਡੀਕਲ ਆਕਸੀਜਨ ਦੀ ਆਵਾਜਾਈ ਲਈ ਕੰਟੇਨਰਾਂ ਦੀ ਇਕ ਖੇਪ ਥਾਈਲੈਂਡ ਤੋਂ ਭਾਰਤ ਪਹੁੰਚ ਗਈ ਹੈ, ਜਦੋਂ ਕਿ ਸਿੰਗਾਪੁਰ ਤੋਂ ਕੁਝ ਹੋਰ ਖਾਲੀ ਟੈਂਕਰ ਹਵਾਈ ਮਾਰਗ ਰਾਹੀਂ ਮੰਗਵਾਏ ਜਾ ਰਹੇ ਹਨ। ਦੇਸ਼ 'ਚ ਕੋਰੋਨਾ ਆਫ਼ਤ ਦੀ ਗੰਭੀਰ ਸਥਿਤੀ ਦਰਮਿਆਨ ਆਕਸੀਜਨ ਦੀ ਮੰਗ ਵੱਧਣ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਵਲੋਂ ਹਵਾਈ ਫ਼ੌਜ ਦੇ ਆਵਾਜਾਈ ਜਹਾਜ਼ ਤੋਂ ਖ਼ਾਲੀ ਕੰਟੇਨਰਾਂ ਦੀ ਇਹ ਤੀਜੀ ਖੇਪ ਮੰਗਵਾਈ ਗਈ ਹੈ।
ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਟਵੀਟ ਕਰ ਕੇ ਕਿਹਾ,''ਬੈਂਕਾਕ ਤੋਂ ਕੰਟੇਨਰਾਂ ਨੂੰ ਹਵਾਈ ਮਾਰਗ ਰਾਹੀਂ ਲਿਆਂਦਾ ਗਿਆ ਹੈ। ਇਨ੍ਹਾਂ ਨੂੰ ਲਿਆਉਣ ਦੇ ਕੰਮ 'ਚ ਗ੍ਰਹਿ ਮੰਤਰਾਲਾ ਵਲੋਂ ਤਾਲਮੇਲ ਕੀਤਾ ਜਾ ਰਿਹਾ ਹੈ।'' ਮੰਤਰਾਲਾ ਨੇ ਇਕ ਹੋਰ ਟਵੀਟ 'ਚ ਕਿਹਾ,''ਭਾਰਤੀ ਹਵਾਈ ਫ਼ੌਜ ਦਾ ਸੀ17 ਆਵਾਜਾਈ ਜਹਾਜ਼ ਅੱਜ ਸਿੰਗਾਪੁਰ ਤੋਂ ਅਤੇ ਖਾਲੀ ਆਕਸੀਜਨ ਕੰਟੇਨਰਾਂ ਨੂੰ ਏਅਰਲਿਫ਼ਟ ਕਰਨ ਲਈ ਤਿਆਰ ਹੈ। ਇਨ੍ਹਾਂ ਕੰਟੇਨਰਾਂ ਨਾਲ ਦੇਸ਼ 'ਚ ਆਕਸੀਜਨ ਦੀ ਉਪਲੱਬਧਤਾ ਵਧਾਉਣ 'ਚ ਮਦਦ ਮਿਲੇਗੀ।'' ਖਾਲੀ ਆਕਸੀਜਨ ਕੰਟੇਨਰਾਂ ਦੀ ਪਹਿਲੀ ਖੇਪ ਸ਼ਨੀਵਾਰ ਨੂੰ ਸਿੰਗਾਪੁਰ ਅਤੇ ਦੂਜੀ ਖੇਪ ਸੋਮਵਾਰ ਨੂੰ ਦੁਬਈ ਤੋਂ ਮੰਗਵਾਈ ਗਈ ਸੀ। ਕੰਟੇਨਰ ਲਿਆਉਣ ਵਾਲੇ ਤਿੰਨੋਂ ਆਵਾਜਾਈ ਜਹਾਜ਼ ਪੱਛਮੀ ਬੰਗਾਲ 'ਚ ਉਤਰੇ। ਉੱਥੋਂ ਉਨ੍ਹਾਂ ਨੂੰ ਆਕਸੀਜਨ ਭਰਨ ਦੇ ਸਥਾਨਾਂ 'ਤੇ ਲਿਜਾਇਆ ਗਿਆ, ਜਿੱਥੋਂ ਆਕਸੀਜਨ ਦੀ ਭਾਰੀ ਮੰਗ ਵਾਲੇ ਇਲਾਕਿਆਂ 'ਚ ਇਨ੍ਹਾਂ ਨੂੰ ਪਹੁੰਚਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ