ਰੇਲਵੇ 'ਚ 99,000 ਤੋਂ ਵੱਧ ਮਹਿਲਾ ਕਰਮੀ: ਸਰਕਾਰ
Thursday, Dec 05, 2024 - 03:38 PM (IST)
ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਲੋਕ ਸਭਾ ਵਿਚ ਇਕ ਲਿਖਤੀ ਜਵਾਬ 'ਚ ਦੱਸਿਆ ਕਿ 31 ਮਾਰਚ 2024 ਤੱਕ ਭਾਰਤੀ ਰੇਲਵੇ ਵਿਚ 99,809 ਮਹਿਲਾ ਕਰਮੀ ਵਰਕਰ ਹਨ, ਜਿਨ੍ਹਾਂ ਵਿਚ 2,037 ਲੋਕੋ ਪਾਇਲਟ ਸ਼ਾਮਲ ਹਨ। ਵੈਸ਼ਣਵ ਭਾਜਪਾ ਸੰਸਦ ਮੈਂਬਰ ਡਾ. ਮੰਨਾ ਲਾਲ ਰਾਵਤ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ, ਜੋ ਭਾਰਤੀ ਰੇਲਵੇ ਅਤੇ ਟਰੇਨ ਸੰਚਾਲਨ ਵਿਚ ਮਹਿਲਾ ਕਰਮੀਆਂ ਬਾਰੇ ਵੇਰਵਾ ਜਾਣਨਾ ਚਾਹੁੰਦੇ ਸਨ। ਰਾਵਤ ਨੇ ਟਰੇਨ ਸੰਚਾਲਨ ਵਿਚ ਲੋਕੋ ਪਾਇਲਟ ਦੇ ਰੂਪ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਅਤੇ ਪੁਰਸ਼ਾ ਦੀ ਤੁਲਨਾ 'ਚ ਮਹਿਲਾ ਲੋਕੋ ਪਾਇਲਟਾਂ ਦੀ ਫ਼ੀਸਦੀ ਬਾਰੇ ਵੀ ਪੁੱਛਿਆ।
ਵੈਸ਼ਣਵ ਨੇ ਜਵਾਬ ਵਿਚ ਕਿਹਾ ਕਿ ਭਾਰਤੀ ਰੇਲਵੇ ਵਿਚ ਵੱਖ-ਵੱਖ ਅਹੁਦਿਆਂ 'ਤੇ ਸਿੱਧੀ ਭਰਤੀ ਤੈਅ ਪ੍ਰਕਿਰਿਆ ਮੁਤਾਬਕ ਕੀਤੀ ਜਾਂਦੀ ਹੈ। ਲਿੰਗ ਦੇ ਆਧਾਰ 'ਤੇ ਭੇਦਭਾਵ ਕੀਤੇ ਬਿਨਾਂ, ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਸਾਰੇ ਉਮੀਦਵਾਰ ਭਰਤੀ ਲਈ ਯੋਗ ਹਨ। ਰੇਲ ਮੰਤਰੀ ਨੇ ਕਿਹਾ ਕਿ 31.03.2024 ਤੱਕ ਭਾਰਤੀ ਰੇਲਵੇ ਵਿਚ 99,809 ਮਹਿਲਾ ਕਰਮੀ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿਚ 2,037 ਲੋਕੋ ਪਾਇਲਟ ਸ਼ਾਮਲ ਹਨ।