ਕਸ਼ਮੀਰ ’ਚ ਠੰਡ ਦਾ ਕਹਿਰ ਵਧਿਆ, ਤਾਪਮਾਨ ’ਚ ਆਈ ਹੋਰ ਗਿਰਾਵਟ

Saturday, Jan 16, 2021 - 02:32 PM (IST)

ਕਸ਼ਮੀਰ ’ਚ ਠੰਡ ਦਾ ਕਹਿਰ ਵਧਿਆ, ਤਾਪਮਾਨ ’ਚ ਆਈ ਹੋਰ ਗਿਰਾਵਟ

ਸ਼੍ਰੀਨਗਰ— ਕਸ਼ਮੀਰ ਦੇ ਕਈ ਇਲਾਕਿਆਂ ’ਚ ਸ਼ਨੀਵਾਰ ਯਾਨੀ ਕਿ ਅੱਜ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਘਾਟੀ ’ਚ ਠੰਡ ਦਾ ਕਹਿਰ ਹੋਰ ਵਧ ਗਿਆ ਹੈ। ਇਸ ਵਜ੍ਹਾ ਕਰ ਕੇ ਪ੍ਰਸਿੱਧ ਡਲ ਝੀਲ ਦੇ ਨਾਲ-ਨਾਲ ਕਈ ਇਲਾਕਿਆਂ ਵਿਚ ਪਾਣੀ ਦੇ ਸਰੋਤ ਜੰਮ ਗਏ ਹਨ। ਸ਼੍ਰੀਨਗਰ ਸਮੇਤ ਘਾਟੀ ਦੇ ਕਈ ਇਲਾਕਿਆਂ ਵਿਚ ਸ਼ਨੀਵਾਰ ਦੀ ਸਵੇਰ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਗਈ।

ਮੌਸਮ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਆਉਣ ਨਾਲ ਸੀਤ ਲਹਿਰ ਦਾ ਕਹਿਰ ਹੋਰ ਵੱਧ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੰਮੂੁ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ 0 ਤੋਂ 8.2 ਡਿਗਰੀ ਹੇਠਾਂ ਦਰਜ ਕੀਤਾ ਗਿਆ, ਜਦਕਿ ਪਿਛਲੀ ਰਾਤ ਘੱਟੋ-ਘੱਟ ਤਾਪਮਾਨ 0 ਤੋਂ 7.6 ਡਿਗਰੀ ਹੇਠਾਂ ਦਰਜ ਕੀਤਾ ਗਿਆ ਸੀ।

ਸ਼੍ਰੀਨਗਰ ਵਿਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 0 ਤੋਂ 8.4 ਡਿਗਰੀ ਹੇਠਾਂ ਦਰਜ ਕੀਤਾ ਗਿਆ, ਜੋ ਕਿ 1991 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ। ਹੱਡ ਕਬਾਅ ਵਾਲੀ ਠੰਡ ਦੀ ਵਜ੍ਹਾ ਕਰ ਕੇ ਡਲ ਝੀਲ ਦੀ ਸਤ੍ਹਾ ਜੰਮ ਗਈ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਲਈ ਉਸ ’ਤੇ ਨਾ ਚੱਲਣ ਨੂੰ ਲੈ ਕੇ ਸਲਾਹ ਜਾਰੀ ਕੀਤੀ ਹੈ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਸੂਬਾ ਆਫ਼ਤ ਮੋਚਨ ਬਲ ਅਤੇ ਪੁਲਸ, ਝੀਲ ਦੇ ਆਲੇ-ਦੁਆਲੇ ਗਸ਼ਤ ਕਰ ਰਹੇ ਹਨ। ਘਾਟੀ ਦੇ ਕਈ ਇਲਾਕਿਆਂ ’ਚ ਸੜਕਾਂ ’ਤੇ ਬਰਫ਼ ਦੀ ਮੋਟੀ ਪਰਤ ਜੰਮੀ ਹੋਈ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ’ਚ ਪਰੇਸ਼ਾਨੀ ਹੋ ਰਹੀ ਹੈ।


author

Tanu

Content Editor

Related News