ਤੇਲ ਦੀਆਂ ਕੀਮਤਾਂ ’ਚ ਲੱਗੇਗੀ ਹੋਰ ਅੱਗ, ਵਧੇਗੀ ਮਹਿੰਗਾਈ

10/02/2018 10:59:37 AM

ਵਾਸ਼ਿੰਗਟਨ – ਮੌਜੂਦਾ ਦੌਰ ’ਚ ਭਾਰਤ ਤੇਲ ਦੀ ਘੁੰਮਣਘੇਰੀ ਵਿਚ ਫਸਦਾ ਦਿਸ ਰਿਹਾ ਹੈ। ਅਮਰੀਕਾ ਅਤੇ ਈਰਾਨ ਦੇ ਤਲਖ ਰਿਸ਼ਤਿਆਂ ਦਾ ਅਸਰ ਭਾਰਤ ’ਤੇ ਵੀ ਪਏਗਾ। ਜੀ ਹਾਂ, ਕੱਚੇ ਤੇਲ ਵਿਚ ਲਗਾਤਾਰ ਉਛਾਲ ਦੀ ਮਾਰ ਨਾਲ ਭਾਰਤ ਸਮੇਤ ਤਮਾਮ ਦੇਸ਼ਾਂ ਵਿਚ ਮਹਿੰਗਾਈ ਵਧੇਗੀ। ਇਹ ਸਭ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਵਿਚ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ 2019 ਵਿਚ ਦੇਸ਼ ਵਿਚ ਲੋਕ ਸਭਾ ਚੋਣਾਂ ਦੀ ਤਿਆਰੀ ਵੀ ਹੈ।

ਅਜਿਹੇ ਵਿਚ ਮੌਜੂਦਾ ਭਾਜਪਾ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਸ ਸਮੱਸਿਆ ਨਾਲ ਨਜਿੱਠਣ ਦੀ ਹੋਵੇਗੀ। 
ਹਾਲਾਂਕਿ ਭਾਰਤ ਸਮੇਤ ਤਮਾਮ ਮਿੱਤਰ ਰਾਸ਼ਟਰਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਨੇ ਹੁਣੇ ਤੋਂ ਪਹਿਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ  ਸਾਊਦੀ ਅਰਬ ਦੇ ਕਿੰਗ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਲ ਸਊਦ ਨਾਲ ਮੁਲਾਕਾਤ ਨੂੰ ਇਸ ਕੜੀ ਵਿਚ ਦੇਖਿਆ ਜਾ ਰਿਹਾ ਹੈ। 

ਈਰਾਨ ਵਿਚ 4 ਨਵੰਬਰ ਤੋਂ ਹੀ ਤੇਲ ਨਾਲ ਜੁੜੀਆਂ ਪਾਬੰਦੀਆਂ ਲਾਗੂ ਹੋ ਜਾਣਗੀਆਂ, ਉਦੋਂ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਪਹੁੰਚਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਨਾਲ ਭਾਰਤ ਸਮੇਤ ਦੁਨੀਆ ਵਿਚ ਮਹਿੰਗਾਈ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਿੰਗਾਈ ਦਾ ਅਸਰ ਪ੍ਰਭਾਵਿਤ ਦੇਸ਼ਾਂ ਦੀ ਵਿਕਾਸ ਦਰ ’ਤੇ ਵੀ ਪਏਗਾ। ਇਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ, ਚੀਨ, ਜਾਪਾਨ ਵਰਗੇ ਦੇਸ਼ਾਂ ’ਤੇ ਪਏਗਾ।

ਦਰਅਸਲ ਸਰਦੀਆਂ ਵਿਚ ਤੇਲ ਦੀ ਮੰਗ ਤੇਜ਼ੀ ਨਾਲ ਵਧ ਜਾਂਦੀ ਹੈ। ਜ਼ਾਹਿਰ ਹੈ ਕਿ ਅਮਰੀਕਾ ਅਤੇ ਯੂਰਪ ਵਿਚ ਵੀ ਤੇਲ ਦੀ ਮੰਗ ਵਧੇਗੀ। ਅਜਿਹੇ ਵਿਚ ਅਮਰੀਕਾ ਵਿਚ ਤੇਲ ਉਤਪਾਦਨ ਵਧਾਉਣ ਦੇ ਬਾਵਜੂਦ ਉਹ ਭਾਰਤ ਨੂੰ ਜ਼ਿਆਦਾ ਸਪਲਾਈ ਵਧਾਉਣ ਦੇ ਸਮਰੱਥ ਨਹੀਂ ਹੋਵੇਗਾ। ਇਸ ਲਈ ਭਾਰਤ ਸਮੇਤ ਤਮਾਮ ਏਸ਼ੀਆਈ ਦੇਸ਼ਾਂ ਲਈ ਖਾੜੀ ਦੇਸ਼ਾਂ ’ਤੇ ਨਿਰਭਰ ਰਹਿਣਾ ਮਜਬੂਰੀ ਹੁੰਦੀ ਹੈ। 

ਪੈਟਰੋਲ 91 ਦੇ ਪਾਰ, LPG ਵੀ 500 ਰੁਪਏ ਤੋਂ ਉੱਪਰ

ਦੇਸ਼ ’ਚ ਈਂਧਨ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਹੈ। ਪੈਟਰੋਲ ਸੋਮਵਾਰ ਨੂੰ ਮੁੰਬਈ ਵਿਚ 91 ਰੁਪਏ ਪ੍ਰਤੀ ਲਿਟਰ ਤੋਂ ਉਪਰ ਨਿਕਲ ਗਿਆ। ਓਧਰ ਐੱਲ. ਪੀ. ਜੀ. ਪਹਿਲੀ ਵਾਰ 500 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ।
ਅੱਜ ਪੈਟਰੋਲ ਦੀਆਂ ਕੀਮਤਾਂ 24 ਪੈਸੇ ਅਤੇ ਡੀਜ਼ਲ ਦੀਆਂ 30 ਪੈਸੇ ਪ੍ਰਤੀ ਲਿਟਰ ਵਧਾਈਆਂ ਗਈਆਂ ਹਨ, ਜਿਸ ਕਾਰਨ ਪੈਟਰੋਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਪੰਪਾਂ ’ਤੇ 91.15 ਰੁਪਏ ਪ੍ਰਤੀ ਲਿਟਰ ਵਿਕਿਆ। ਓਧਰ ਡੀਜ਼ਲ ਦੇ ਭਾਅ 79.79 ਰੁਪਏ ਪ੍ਰਤੀ ਲਿਟਰ ਹੋ ਗਏ। ਇਸ ਦੇ ਨਾਲ ਹੀ ਸੋਮਵਾਰ ਨੂੰ ਘਰੇਲੂ ਰਸੋਈ ਗੈਸ 14.2 ਕਿਲੋ ਦੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵੀ 2.89 ਰੁਪਏ ਚੜ੍ਹ ਕੇ 502.40 ਰੁਪਏ ’ਤੇ ਪਹੁੰਚ ਗਈ।

ਟਰੰਪ-ਸਾਊਦੀ ਕਿੰਗ ਦੀ ਮੁਲਾਕਾਤ

ਚਿੰਤਾ ਨੂੰ ਮਹਿਸੂਸ ਕਰਦੇ ਹੋਏ ਹੀ ਅਮਰੀਕੀ ਰਾਸ਼ਟਰਪਤੀ ਨੇ ਸਾਊਦੀ ਅਰਬ ਦੇ ਕਿੰਗ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇਤਾਵਾਂ ਨੇ ਦੁਨੀਆ ਵਿਚ ਕੱਚੇ ਤੇਲ ਦੀ ਸਪਲਾਈ ਨੂੰ ਆਮ ਬਣਾਈ ਰੱਖਣ ’ਤੇ ਚਰਚਾ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ  ਹੋ ਰਹੀ ਹੈ ਜਦੋਂ ਸਾਊਦੀ ਅਰਬ ਦੀ ਅਗਵਾਈ ਵਾਲੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਨੇ ਜੂਨ ਵਿਚ ਐਲਾਨ ਕੀਤਾ ਸੀ ਕਿ ਉਹ ਰੋਜ਼ਾਨਾ 10 ਲੱਖ ਉਤਪਾਦਨ ਵਧਾਉਣਗੇ ਪਰ ਅਜਿਹਾ ਹੋਇਆ ਨਹੀਂ। 

ਸਭ ਤੋਂ ਵੱਧ ਅਸਰ ਏਸ਼ੀਆਈ ਦੇਸ਼ਾਂ ’ਤੇ

ਉਤਪਾਦਨ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਕੱਚੇ ਤੇਲ ਦਾ ਸਭ ਤੋਂ ਵੱਧ ਉਤਪਾਦਨ ਏਸ਼ੀਆਈ ਦੇਸ਼ਾਂ ਵਿਚ ਹੀ ਹੁੰਦਾ ਹੈ। ਚੀਨ ਦੇ ਸਮੇਤ ਖਾੜੀ ਦੇਸ਼ਾਂ ਦਾ ਕੱਚੇ ਤੇਲ ਦੇ ਉਤਪਾਦਨ ਵਿਚ ਦਬਦਬਾ ਹੈ। ਪੂਰੀ ਦੁਨੀਆ ਵਿਚ ਕਰੀਬ 40 ਫੀਸਦੀ ਕੱਚੇ ਤੇਲ ਦਾ ਉਤਪਾਦਨ ਇਥੇ ਹੀ ਹੁੰਦਾ ਹੈ ਪਰ ਇਨ੍ਹਾਂ ਪਾਬੰਦੀਆਂ ਦਾ ਸਭ ਤੋਂ ਵੱਧ ਅਸਰ ਵੀ ਏਸ਼ੀਆਈ ਦੇਸ਼ਾਂ ’ਤੇ ਹੀ ਪੈਣ ਵਾਲਾ ਹੈ।

ਸਭ ਤੋਂ ਵੱਧ ਪ੍ਰÎਭਾਵਿਤ ਦੇਸ਼ਾਂ ਵਿਚ ਭਾਰਤ, ਚੀਨ, ਜਾਪਾਨ, ਤਾਈਵਾਨ ਅਤੇ ਯੂਕਰੇਨ ਸ਼ਾਮਲ ਹਨ। ਹਾਲਾਂਕਿ ਇਸ ਪਾਬੰਦੀ ਦਾ ਸਭ ਤੋਂ ਜ਼ਿਆਦਾ ਫਾਇਦਾ ਸਾਊਦੀ ਅਰਬ, ਇਰਾਕ, ਯੂ. ਏ. ਈ., ਰੂਸ, ਨਾਈਜੀਰੀਆ ਅਤੇ ਕੋਲੰਬੀਆ ਨੂੰ ਹੋਵੇਗਾ।

8 ਸਾਲ ਪਹਿਲਾਂ ਵੀ ਪੈਦਾ ਹੋਏ ਸਨ ਅਜਿਹੇ ਹਾਲਾਤ

8 ਸਾਲ ਪਹਿਲਾਂ ਵੀ ਅਜਿਹੇ ਹਾਲਾਤ ਪੈਦਾ ਹੋਏ ਸਨ, ਜਿਸ ਦੇ ਕਾਰਨ ਮਨਮੋਹਨ ਸਿੰਘ ਸਰਕਾਰ ਹਿੱਲ ਗਈ ਸੀ। ਇਸ ਦਾ ਸਿੱਧਾ ਅਸਰ ਦੇਸ਼ ਦੀ ਸਿਆਸਤ ’ਤੇ ਪਿਆ ਸੀ। ਸਾਲ 2011 ਵਿਚ ਦੇਸ਼ ਵਿਚ ਤੇਲ ਦੀਆਂ ਕੀਮਤਾਂ ਨਵੀਆਂ ਸਿਖਰਾਂ ’ਤੇ ਸਨ ਅਤੇ ਵੱਡੇ ਦੇਸ਼ਾਂ ਦੀ ਅਰਥਵਿਵਸਥਾ ਹਿੱਲ ਗਈ ਸੀ।

ਹਾਲਾਂਕਿ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ 2018 ਵਿਚ ਅਮਰੀਕਾ, ਭਾਰਤ ਤੇ ਚੀਨ ਵਰਗੇ ਦੇਸ਼ਾਂ ਦੀ ਸਥਿਤੀ ਜ਼ਿਆਦਾ ਮਜ਼ਬੂਤ ਹੈ। ਅਜਿਹੇ ਵਿਚ ਨੁਕਸਾਨ ਪਹਿਲਾਂ ਜਿੰਨਾ ਨਹੀਂ ਹੋਵੇਗਾ।


Related News