ਹੁਣ ਬਿਨਾਂ ਮਨਜ਼ੂਰੀ ORS ਲਿਖਣ ''ਤੇ ਮਨਾਹੀ, FSSAI ਨੇ ਬਦਲੇ ਨਿਯਮ
Saturday, Oct 18, 2025 - 12:37 PM (IST)

ਨਵੀਂ ਦਿੱਲੀ- ਗਰਮੀਆਂ ਵਿਚ ਸਰੀਰ ਵਿਚ ਪਾਣੀ ਦੀ ਕਮੀ ਕਾਰਨ ਹੋਣ ਵਾਲੇ ਡੀਹਾਈਡ੍ਰੇਸ਼ਨ ਨਾਲ ਨਜਿੱਠਣ ਲਈ ਵੱਖ-ਵੱਖ ਤਰ੍ਹਾਂ ਦੇ ਖੰਡ ਨਾਲ ਭਰਪੂਰ ਪੀਣ ਵਾਲੇ ਪਦਾਰਥਾਂ ਨੂੰ ਰੀਹਾਈਡਰੇਸ਼ਨ ਸਲਿਊਸ਼ਨ (ਓ.ਆਰ.ਐੱਸ.) ਦੱਸ ਕੇ ਇਸ ਗਲਤ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ ਪਰ ਹੁਣ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ. ) ਨੇ ਇਕ ਹੁਕਮ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਫੂਡ ਬ੍ਰਾਂਡ ਆਪਣੇ ਉਤਪਾਦਾਂ ’ਤੇ ਓ.ਆਰ.ਐੱਸ. ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ ਹੈ, ਜਦੋਂ ਤਕ ਉਨ੍ਹਾਂ ਦਾ ਫਾਰਮੂਲਾ ਵਿਸ਼ਵ ਸਿਹਤ ਸੰਗਠਨ ਵਲੋਂ ਸਿਫ਼ਾਰਿਸ਼ ਕੀਤੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰਦਾ।
ਪੁਰਾਣੀਆਂ ਇਜਾਜ਼ਤਾਂ ਰੱਦ ਕਰਨ ਦੇ ਹੁਕਮ
ਹੈਦਰਾਬਾਦ ਦੇ ਬਾਲ ਰੋਗ ਮਾਹਿਰ ਸ਼ਿਵਰੰਜਨੀ ਸੰਤੋਸ਼ ਵਲੋਂ ਬਾਜ਼ਾਰਾਂ ਵਿਚ ਵੇਚੇ ਜਾ ਰਹੇ ਅਜਿਹੇ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਵਿਰੁੱਧ ਇਕ ਲੰਬੀ ਲੜਾਈ ਲੜਨ ਤੋਂ ਬਾਅਦ ਇਕ ਵੱਡੀ ਰੈਗੂਲੇਟਰੀ ਤਬਦੀਲੀ ਆਈ ਹੈ। ਹਾਲ ਹੀ ਵਿਚ ਜਾਰੀ ਇਸ ਨਿਰਦੇਸ਼ ਵਿਚ ਫੂਡ ਬਿਜ਼ਨੈੱਸ ਆਪਰੇਟਰਾਂ ਨੂੰ ਆਪਣੇ ਬ੍ਰਾਂਡ ਦੇ ਨਾਵਾਂ ਨਾਲ ਓ. ਆਰ. ਐੱਸ. ਦੀ ਵਰਤੋਂ ਕਰਨ ਲਈ ਦਿੱਤੀਆਂ ਗਈਆਂ ਸਾਰੀਆਂ ਪਿਛਲੀਆਂ ਇਜਾਜ਼ਤਾਂ ਨੂੰ ਤੁਰੰਤ ਵਾਪਸ ਲੈਣ ਦਾ ਹੁਕਮ ਦਿੱਤਾ ਗਿਆ ਹੈ।
ਖਾਸ ਤੌਰ ’ਤੇ 14 ਜੁਲਾਈ 2022 ਅਤੇ 2 ਫਰਵਰੀ 2024 ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੇ ਹੁਕਮਾਂ ਨੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਇਨ੍ਹਾਂ ਪਦਾਰਥਾਂ ’ਤੇ ਟ੍ਰੇਡਮਾਰਕ ਦੇ ਹਿੱਸੇ ਵਜੋਂ ਓ. ਆਰ. ਐੱਸ. ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਵਿਚ ਇਕ ਸ਼ਰਤ ਇਹ ਵੀ ਰੱਖੀ ਗਈ ਸੀ ਕਿ ਲੇਬਲ ’ਤੇ ਇਹ ਛਾਪਿਆ ਜਾਣਾ ਚਾਹੀਦਾ ਹੈ ਕਿ ‘ਇਹ ਉਤਪਾਦ ਵਿਸ਼ਵ ਸਿਹਤ ਸੰਗਠਨ ਵਲੋਂ ਮਨਜ਼ੂਰ ਓ. ਆਰ. ਐੱਸ. ਫਾਰਮੂਲਾ ਨਹੀਂ ਹੈ।
ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ
ਇਕ ਰਿਪੋਰਟ ਮੁਤਾਬਕ 14 ਅਕਤੂਬਰ ਦੀਆਂ ਤਾਜ਼ਾ ਹਦਾਇਤਾਂ ਦੇ ਅਗਲੇ ਦਿਨ 15 ਅਕਤੂਬਰ ਨੂੰ ਐੱਫ.ਐੱਸ.ਐੱਸ.ਏ.ਆਈ. ਨੇ ਸਪੱਸ਼ਟੀਕਰਨ ਜਾਰੀ ਕਰ ਕੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਫਲ-ਅਧਾਰਿਤ, ਗੈਰ-ਕਾਰਬੋਨੇਟਿਡ ਜਾਂ ਪੀਣ ਲਈ ਤਿਆਰ ਪ੍ਰੋਡਕਟ ਦੇ ਨਾਂ ’ਤੇ ਓ.ਆਰ.ਐੱਸ. ਦੀ ਵਰਤੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਸਬੰਧਿਤ ਨਿਯਮਾਂ ਦੀ ਉਲੰਘਣਾ ਕਰਦੀ ਹੈ। ਰੈਗੂਲੇਟਰੀ ਨੇ ਕਿਹਾ ਕਿ ਇਹੋ ਜਿਹੇ ਲੇਬਲ ਖਪਤਕਾਰਾਂ ਨੂੰ ਗੁੰਮਰਾਹ ਕਰਦੇ ਹਨ। ਇਹ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਹੈ।
ਬਾਲ ਰੋਗ ਮਾਹਿਰ ਨੇ ਤੇਲੰਗਾਨਾ ਹਾਈ ਕੋਰਟ ’ਚ ਦਾਇਰ ਕੀਤੀ ਸੀ ਪਟੀਸ਼ਨ
ਐੱਫ.ਐੱਸ.ਐੱਸ.ਏ. ਆਈ. ਦਾ ਇਹ ਦਖਲ ਬਾਲ ਰੋਗ ਮਾਹਿਰ ਸ਼ਿਵਰੰਜਨੀ ਸੰਤੋਸ਼ ਦੀ ਅਗਵਾਈ ਵਿਚ ਇਕ ਲਗਾਤਾਰ ਕਾਨੂੰਨੀ ਮੁਹਿੰਮ ਦਾ ਨਤੀਜਾ ਹੈ, ਜਿਸ ਨੇ ਇਕ ਦਹਾਕਾ ਪਹਿਲਾਂ ਧੋਖੇਬਾਜ਼ ਮਾਰਕੀਟਿੰਗ ਅਭਿਆਸਾਂ ’ਤੇ ਸਵਾਲ ਚੁੱਕਣਾ ਸ਼ੁਰੂ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022 ਵਿਚ ਉਸ ਨੇ ਤੇਲੰਗਾਨਾ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਬਾਜ਼ਾਰ ਵਿਚ ਓ. ਆਰ. ਐੈੱਸ. ਇਲੈਕਟਰੋਲਾਈਟ ਅਤੇ ਗੁਲੂਕੋਜ਼ ਦੇ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਖੰਡ ਨਾਲ ਭਰਪੂਰ ਪੀਣ ਵਾਲੇ ਪਦਾਰਥ ਵੇਚੇ ਜਾ ਰਹੇ ਹਨ। ਝੂਠੇ ਇਸ਼ਤਿਹਾਰ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਨੂੰ ਪਟੀਸ਼ਨ ਵਿਚ ਚੁਣੌਤੀ ਦਿੱਤੀ ਗਈ ਸੀ।
ਵਿਅਕਤੀ ਦੀ ਨਹੀਂ ਸਗੋਂ ਲੋਕ ਸ਼ਕਤੀ ਦੀ ਜਿੱਤ
ਲੰਬੀ ਲੜਾਈ ਤੋਂ ਬਾਅਦ ਡਾ. ਸ਼ਿਵਰੰਜਨੀ ਨੇ ਐੱਫ. ਐੱਸ. ਐੱਸ. ਏ. ਆਈ. ਦੇ ਹੁਕਮ ਨੂੰ ਕਈ ਸਾਲਾਂ ਦੀ ਮਿਹਨਤ ਅਤੇ ਜਨਤਾ ਦੇ ਸਹਿਯੋਗ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ 8 ਸਾਲਾਂ ਦੀ ਲੜਾਈ ਵਿਚ 3 ਸਾਲ ਜਨਹਿੱਤ ਪਟੀਸ਼ਨਾਂ ਦਾਇਰ ਕਰਨ ਵਿਚ ਅਤੇ 4-5 ਸਾਲ ਬੇਰੁਖੀ ਨਾਲ ਲੜਨ ਵਿਚ ਗੁਜ਼ਾਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਉਨ੍ਹਾਂ ਸਾਰੇ ਡਾਕਟਰਾਂ, ਵਕੀਲਾਂ, ਮਾਵਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਹੈ, ਜੋ ਮੇਰੇ ਨਾਲ ਖੜ੍ਹੇ ਹਨ। ਮੈਂ ਦ੍ਰਿੜ ਰਹੀ ਅਤੇ ਅਸੀਂ ਜਿੱਤ ਗਏ।
ਵਿਸ਼ਵ ਸਿਹਤ ਸੰਗਠਨ ਵਲੋਂ ਪ੍ਰਵਾਨਿਤ ਓ.ਆਰ.ਐੱਸ.
ਡਬਲਿਊ.ਐੱਚ.ਓ. 245 ਐੱਮ. ਓ. ਐੱਸ. ਐੱਮ. /ਐੱਲ ਦੀ ਕੁੱਲ ਆਸਮੋਲੈਰਿਟੀ ਵਾਲਾ ਇਕ ਮਿਆਰੀ ਓਰਲ ਰੀਹਾਈਡਰੇਸ਼ਨ ਘੋਲ ਨਿਰਧਾਰਤ ਕਰਦਾ ਹੈ। ਇਸ ਮਿਸ਼ਰਣ ਵਿਚ ਪ੍ਰਤੀ ਲਿਟਰ ਪਾਣੀ ਵਿਚ 2.6 ਗ੍ਰਾਮ ਸੋਡੀਅਮ ਕਲੋਰਾਈਡ, 1.5 ਗ੍ਰਾਮ ਪੋਟਾਸ਼ੀਅਮ ਕਲੋਰਾਈਡ, 2.9 ਗ੍ਰਾਮ ਸੋਡੀਅਮ ਸਈਟ੍ਰੇਟ ਅਤੇ 13.5 ਗ੍ਰਾਮ ਡੈਕਸਟ੍ਰੋਸ ਐਨਹਾਈਡ੍ਰਸ (ਖੰਡ) ਹੁੰਦੀ ਹੈ। ਇਸ ਦੇ ਉਲਟ ਫਾਰਮਾਸਿਊਟੀਕਲ ਕੰਪਨੀਆਂ ਵਲੋਂ ਓ. ਆਰ. ਐੱਸ. ਦੇ ਰੂਪ ਵਿਚ ਵੇਚੇ ਜਾਣ ਵਾਲੇ ਕਈ ਉਤਪਾਦਾਂ ਵਿਚ ਖੰਡ ਦਾ ਪੱਧਰ ਕਾਫੀ ਵੱਧ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਲਗਭਗ 120 ਗ੍ਰਾਮ ਪ੍ਰਤੀ ਲਿਟਰ ਵਿਚ ਲਗਭਗ 110 ਗ੍ਰਾਮ ਵਾਧੂ ਖੰਡ ਹੁੰਦੀ ਹੈ। ਇਨ੍ਹਾਂ ਦਾ ਇਲੈਕਟ੍ਰੋਲਾਈਟ ਸੰਤੁਲਨ ਵੀ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ, ਜਿਸ ਵਿਚ ਸਿਰਫ 1.17 ਗ੍ਰਾਮ ਸੋਡੀਅਮ, 0.79 ਗ੍ਰਾਮ ਪੋਟਾਸ਼ੀਅਮ ਅਤੇ 1.47 ਗ੍ਰਾਮ ਕਲੋਰਾਈਡ ਪ੍ਰਤੀ ਲਿਟਰ ਹੋਣਾ ਚਾਹੀਦਾ ਹੈ।
ਕੁਝ ਸਥਿਤੀਆਂ ’ਚ ਸਿਹਤ ਲਈ ਖਤਰਨਾਕ ਓ.ਆਰ.ਐੱਸ.
ਜ਼ਿਆਦਾ ਮਾਤਰਾ ਵਿਚ ਓ.ਆਰ.ਐੱਸ. ਦਾ ਸੇਵਨ ਕਰਨ ਨਾਲ ਸਰੀਰ ਵਿਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਵਿਗੜ ਸਕਦਾ ਹੈ, ਖਾਸ ਤੌਰ ’ਤੇ ਸੋਡੀਅਮ ਦਾ ਪੱਧਰ ਵਧ ਸਕਦਾ ਹੈ, ਜਿਸ ਨਾਲ ਹਾਈਪਰਨੇਟ੍ਰੇਮੀਆ ਹੋ ਸਕਦਾ ਹੈ।
- ਜੇਕਰ ਓ. ਆਰ. ਐੱਸ. ਪਾਊਡਰ ਨੂੰ ਸਹੀ ਮਾਤਰਾ ਵਿਚ ਪਾਣੀ ਵਿਚ ਨਹੀਂ ਮਿਲਾਇਆ ਜਾਂਦਾ ਹੈ ਤਾਂ ਇਹ ਇਲੈਕਟੋਲਾਈਟਸ ਦੇ ਪੱਧਰ ਨੂੰ ਵਿਗਾੜ ਸਕਦਾ ਹੈ ਅਤੇ ਨਮਕ ਜ਼ਹਿਰ ਦਾ ਕਾਰਨ ਬਣ ਸਕਦਾ ਹੈ।
- ਗੁਰਦੇ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ਵਾਲੇ ਲੋਕਾਂ ਨੂੰ ਓ.ਆਰ.ਐੱਸ. ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿਚ ਨਮਕ ਅਤੇ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
- ਜਿਆਦਾ ਸਮਾਂ ਓ.ਆਰ.ਐੱਸ. ਦਾ ਸੇਵਨ ਕਰਨ ਨਾਲ ਸਰੀਰ ਵਿਚ ਵਾਧੂ ਨਮਕ ਅਤੇ ਖਣਿਜ ਪਦਾਰਥ ਜਮ੍ਹਾਂ ਹੋ ਸਕਦੇ ਹਨ, ਜਿਸ ਨਾਲ ਸ਼ੂਗਰ ਜਾਂ ਗਠੀਏ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
- ਜੇਕਰ ਕੋਈ ਵਿਅਕਤੀ ਡੀਹਾਈਡ੍ਰੇਟਿਡ ਹੈ ਤਾਂ ਓ. ਆਰ. ਐੱਸ. ਦੀ ਵਰਤੋਂ ਕਰੇ। ਜੇਕਰ ਮਰੀਜ਼ ਇਸਨੂੰ ਲੈਣ ਵਿਚ ਅਸਮਰਥ ਹੈ ਤਾਂ ਉਸਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਉਣਾ ਚਾਹੀਦਾ ਹੈ ਕਿਉਂਕਿ ਅਜਿਹੇ ਮਾਮਲਿਆਂ ਵਿਚ ਨਾੜੀਆਂ ਵਿਚ ਤਰਲ ਪਦਾਰਥਾਂ ਦੀ ਲੋੜ ਹੁੰਦੀ ਹੈ।
ਵਰਤਣ ਤੋਂ ਪਹਿਲਾਂ ਇਹ ਸਾਵਧਾਨੀਆਂ ਜ਼ਰੂਰੀ
- ਹਮੇਸ਼ਾ ਪੈਕੇਟ ’ਤੇ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਓ.ਆਰ.ਐੱਸ. ਦਾ ਘੋਲ ਤਿਆਰ ਕਰੋ।
- ਓ.ਆਰ.ਐੱਸ. ਦਾ ਤਾਂ ਹੀ ਸੇਵਨ ਕਰੋ ਜੇਕਰ ਤੁਸੀਂ ਦਸਤ ਜਾਂ ਉਲਟੀਆਂ ਕਾਰਨ ਡੀਹਾਈਡ੍ਰੇਟਿਡ ਹੋ
- ਜੇਕਰ ਤੁਹਾਨੂੰ ਕੋਈ ਪੁਰਾਣੀ ਬੀਮਾਰੀ ਹੈ ਤਾਂ ਓ. ਆਰ. ਐੱਸ. ਲੈਣ ਤੋਂ ਪਹਿਲਾਂ ਡਾਕਟਰ ਤੋਂ ਜ਼ਰੂਰ ਪੁੱਛੋ ।
- ਕੇਵਲ ਭਰੋਸੇਯੋਗ ਬਰਾਂਡ ਦੇ ਓ.ਆਰ.ਐੱਸ. ਹੀ ਖਰੀਦੋ ਅਤੇ ਯਕੀਨੀ ਬਣਾਓ ਕਿ ਉਹ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ’ਤੇ ਖਰੇ ਉਤਰਦੇ ਹੋਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8