ਵਿਰੋਧੀ ਪਾਰਟੀਆਂ ਦੀ ਬੈਠਕ ਅੱਜ, ‘ਆਪ’ ਵੀ ਹੋਵੇਗੀ ਸ਼ਾਮਲ
Monday, Jul 17, 2023 - 10:28 AM (IST)
ਨਵੀਂ ਦਿੱਲੀ (ਭਾਸ਼ਾ)- ਬੈਂਗਲੁਰੂ ’ਚ ਸੋਮਵਾਰ ਨੂੰ ਹੋਣ ਵਾਲੀ ਵਿਰੋਧੀ ਧਿਰ ਦੀ ਬੈਠਕ ’ਚ 26 ਵਿਰੋਧੀ ਪਾਰਟੀਆਂ ਦੇ ਦਿੱਗਜ ਨੇਤਾਵਾਂ ਦੇ ਦੋ ਦਿਨਾਂ ਵਿਚਾਰ-ਮੰਥਨ ਸੈਸ਼ਨ ’ਚ ਭਾਗ ਲੈਣ ਦੀ ਸੰਭਾਵਨਾ ਹੈ, ਜਿੱਥੇ ਉਹ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਖ਼ਿਲਾਫ਼ ਇਕਜੁੱਟ ਹੋ ਕੇ ਲੜਨ ਲਈ ਆਪਣੀ ਰਣਨੀਤੀ ਤਿਆਰ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪਟਨਾ ’ਚ 23 ਜੂਨ ਨੂੰ ਹੋਈ ਵਿਰੋਧੀ ਪਾਰਟੀਆਂ ਦੀ ਪਹਿਲੀ ਬੈਠਕ ’ਚ 15 ਪਾਰਟੀਆਂ ਨੇ ਭਾਗ ਲਿਆ ਸੀ। ਇਕ ਸੂਤਰ ਨੇ ਕਿਹਾ,‘‘ਇਸ ਵਾਰ ਅਸੀਂ 26 ਪਾਰਟੀਆਂ ਦੇ ਨੇਤਾਵਾਂ ਦੇ ਬੈਠਕ ’ਚ ਸ਼ਾਮਲ ਹੋਣ ਦੀ ਉਮੀਦ ਕਰ ਰਹੇ ਹਾਂ।’’ ਵਿਰੋਧੀ ਧਿਰ ਦੀ ਇਹ ਬੈਠਕ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ’ਚ ਵੰਡ ਅਤੇ ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਵਿਆਪਕ ਪੱਧਰ ’ਤੇ ਹੋਈ ਹਿੰਸਾ ਦੇ ਦਰਮਿਆਨ ਹੋ ਰਹੀ ਹੈ, ਜਿਸ ’ਚ ਕਈ ਲੋਕਾਂ ਦੀ ਮੌਤ ਹੋ ਗਈ।
ਬੰਗਾਲ ’ਚ ਹੋਈ ਚੋਣ ਹਿੰਸਾ ਨੂੰ ਲੈ ਕੇ ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਅਤੇ ਖੱਬੇ-ਪੱਖੀ ਪਾਰਟੀਆਂ ਨੇ ਸੱਤਾਧਿਰ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਪੂਰੇ ਦੇਸ਼ ’ਚ ਇਕ ਸਾਂਝੇ ਅੰਦੋਲਨ ਦੀ ਯੋਜਨਾ ਬਣਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਖਾਸ ਕਰ ਕੇ ਮਹਾਰਾਸ਼ਟਰ ’ਚ ਰਾਕਾਂਪਾ ਦੀ ਵੰਡ ਤੋਂ ਬਾਅਦ ਰਣਨੀਤੀ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਵਿਰੋਧੀ ਨੇਤਾ ਭਾਜਪਾ ਨਾਲ ਮੁਕਾਬਲਾ ਕਰਨ ਲਈ ਵਿਰੋਧੀ ਏਕਤਾ ਨੂੰ ਮਜ਼ਬੂਤ ਕਰਨ ਦੇ ਕਦਮਾਂ ਦਾ ਐਲਾਨ ਕਰਨਗੇ ਅਤੇ ਵਿਰੋਧੀ ਸਰਕਾਰਾਂ ਨੂੰ ਡੇਗਣ ਅਤੇ ਰਾਜਪਾਲਾਂ ਦੇ ਮਾਧਿਅਮ ਰਾਹੀਂ ਗੈਰ-ਭਾਜਪਾ ਸ਼ਾਸਿਤ ਸੂਬਿਆਂ ’ਤੇ ਕੰਟਰੋਲ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਨਗੇ।’’ ਸ਼ਿਵਸੈਨਾ (ਯੂ. ਬੀ. ਟੀ.) ਨੇਤਾ ਸੰਜੈ ਰਾਊਤ ਨੇ ਕਿਹਾ, ‘‘ਇਹ ਇਕ ਫੈਸਲਾਕੁੰਨ ਬੈਠਕ ਹੋਵੇਗੀ। ਕਈ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।’’ ਭਾਕਪਾ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਦੋ ਦਿਨਾਂ ਸੈਸ਼ਨ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੇ ਸਾਂਝੇ ਸੰਕਲਪ ਨੂੰ ਦਰਸਾਏਗਾ। ਇਸ ਵਾਰ ਬੈਠਕ ’ਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਕਾਂਪਾ ਸੁਪਰੀਮੋ ਸ਼ਰਦ ਪਵਾਰ, ਟੀ. ਐੱਮ. ਸੀ. ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਅਤੇ ਜਦ (ਯੂ) ਨੇਤਾ ਨਿਤੀਸ਼ ਕੁਮਾਰ, ਡੀ. ਐੱਮ. ਕੇ. ਨੇਤਾ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ, ਝਾਰਖੰਡ ਮੁਕਤੀ ਮੋਰਚੇ ਦੇ ਨੇਤਾ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸ਼ਿਵਸੈਨਾ (ਯੂ. ਬੀ. ਟੀ.) ਪ੍ਰਧਾਨ ਊਧਵ ਠਾਕਰੇ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੈਠਕ ’ਚ ਸ਼ਾਮਲ ਹੋ ਸਕਦੇ ਹਨ। ਦੋ ਦਿਨਾਂ ਸੈਸ਼ਨ ਦੀ ਸ਼ੁਰੂਆਤ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵੱਲੋਂ ਆਯੋਜਿਤ ਰਾਤਰੀਭੋਜ ਨਾਲ ਹੋਵੇਗੀ ਅਤੇ ਮੰਗਲਵਾਰ ਨੂੰ ਇਕ ਹੋਰ ਰਸਮੀ ਬੈਠਕ ਹੋਵੇਗੀ।