ਵਿਰੋਧੀ ਸੰਸਦ ਮੈਂਬਰਾਂ ਨੇ PM ਮੋਦੀ ਦੇ ਵਟਸਐੱਪ ਸੰਦੇਸ਼ ਨੂੰ ਲੈ ਕੇ ਚੋਣ ਕਮਿਸ਼ਨ ਤੋਂ ਕੀਤੀ ਕਾਰਵਾਈ ਦੀ ਮੰਗ

03/18/2024 9:03:44 PM

ਨਵੀਂ ਦਿੱਲੀ (ਭਾਸ਼ਾ)- ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਪੱਤਰ ਨੂੰ ਲੋਕਾਂ ਨੂੰ ਵਟਸਐੱਪ 'ਤੇ ਭੇਜੇ ਜਾਣ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ, ਜਿਸ ਵਿਚ ਉਨ੍ਹਾਂ ਨੇ 'ਵਿਕਸਿਤ ਭਾਰਤ' ਦੇ ਨਿਰਮਾਣ ਲਈ ਜਨਤਾ ਤੋਂ ਸਮਰਥਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਹੈ। ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਚਿੱਠੀ ਭੇਜੇ ਜਾਣ 'ਤੇ ਪ੍ਰਾਇਵੇਸੀ ਦਾ ਮੁੱਦਾ ਉਠਾਉਣ ਵਾਲੇ ਵਿਅਕਤੀ ਦੀ ਪੋਸਟ ਨੂੰ 'ਐਕਸ' 'ਤੇ ਟੈਗ ਕੀਤਾ। ਉਨ੍ਹਾਂ ਸਵਾਲ ਕੀਤਾ,"ਕੀ ਚੋਣ ਕਮਿਸ਼ਨ ਸੱਤਾਧਾਰੀ ਪਾਰਟੀ ਦੇ ਪੱਖਪਾਤੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਅੰਕੜਿਆਂ ਦੀ ਅਜਿਹੀ ਸ਼ਰੇਆਮ ਦੁਰਵਰਤੋਂ 'ਤੇ ਧਿਆਨ ਦੇਵੇਗਾ?"

ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਵੀ 'ਐਕਸ' 'ਤੇ ਇਕ ਵਟਸਐਪ ਸੰਦੇਸ਼ ਪੋਸਟ ਕੀਤਾ ਜਿਸ ਵਿਚ ਉਨ੍ਹਾਂ ਨੂੰ ਆਪਣੇ ਫੋਨ 'ਤੇ ਪ੍ਰਾਪਤ ਹੋਈ ਚਿੱਠੀ ਸ਼ਾਮਲ ਹੈ। ਤਿਵਾੜੀ ਨੇ ਕਿਹਾ, “ਇਹ ਅਣਚਾਹੇ ਵਟਸਐਪ ਸੰਦੇਸ਼ ਬੀਤੀ ਰਾਤ 12.09 ਵਜੇ ਆਇਆ। ਇਹ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਤੋਂ ਆਇਆ ਜਾਪਦਾ ਹੈ। ਕੀ ਇਹ ਆਦਰਸ਼ ਚੋਣ ਜ਼ਾਬਤੇ ਅਤੇ ਨਿੱਜਤਾ ਦੇ ਅਧਿਕਾਰ ਦੋਵਾਂ ਦੀ ਘੋਰ ਉਲੰਘਣਾ ਨਹੀਂ ਹੈ?” ਉਨ੍ਹਾਂ ਪੁੱਛਿਆ, “ਮੰਤਰਾਲਾ ਨੂੰ ਮੇਰਾ ਮੋਬਾਈਲ ਨੰਬਰ ਕਿਵੇਂ ਮਿਲਿਆ? ਉਹ ਕਿਸ ਡਾਟਾਬੇਸ ਤੱਕ ਅਣਅਧਿਕਾਰਤ ਪਹੁੰਚ ਕਰ ਰਹੇ ਹਨ?'' ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਦੋਸ਼ ਲਾਇਆ ਕਿ ਪਿਛਲੇ ਦੋ ਦਿਨਾਂ 'ਚ ਮੋਦੀ ਅਤੇ ਭਾਜਪਾ ਦਾ ਪ੍ਰਚਾਰ ਕਰਨ ਵਾਲੇ ਇਸ 'ਵਿਕਸਿਤ ਭਾਰਤ' ਨੇ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਅਤੇ ਵਟਸਐਪ ਸੰਦੇਸ਼ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News