ਹੱਦਬੰਦੀ ਤੇ ਵੋਟਰ ਸੂਚੀ ਦੇ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ

Tuesday, Mar 11, 2025 - 10:17 PM (IST)

ਹੱਦਬੰਦੀ ਤੇ ਵੋਟਰ ਸੂਚੀ ਦੇ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਤੇ ਡੀ. ਐੱਮ. ਕੇ. ਸਮੇਤ ਵਿਰੋਧੀ ਪਾਰਟੀਆਂ ਨੇ ਮੰਗਲਵਾਰ ਰਾਜ ਸਭਾ ’ਚ ਵੋਟਰ ਸੂਚੀ ਵਿਚ ਕਥਿਤ ਹੇਰਾਫੇਰੀ ਤੇ ਲੋਕ ਸਭਾ ਦੀਆਂ ਸੀਟਾਂ ਦੀ ਹੱਦਬੰਦੀ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਹਾਊਸ ਦੀ ਕਾਰਵਾਈ 40 ਮਿੰਟ ਰੁਕੀ ਰਹੀ।

ਜਦੋਂ ਸਵੇਰੇ ਹਾਊਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਡਿਪਟੀ ਚੇਅਰਮੈਨ ਹਰੀਵੰਸ਼ ਨੇ ਜ਼ਰੂਰੀ ਦਸਤਾਵੇਜ਼ ਮੇਜ਼ 'ਤੇ ਰੱਖਵਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ, ਡੀ. ਐੱਮ. ਕੇ., ਆਮ ਆਦਮੀ ਪਾਰਟੀ, ਬੀਜੂ ਜਨਤਾ ਦਲ ਤੇ ਕੁਝ ਹੋਰ ਪਾਰਟੀਆਂ ਦੇ ਮੈਂਬਰਾਂ ਕੋਲੋਂ ਨਿਯਮ 267 ਅਧੀਨ ਕੁੱਲ 21 ਨੋਟਿਸ ਮਿਲੇ ਸਨ। ਉਨ੍ਹਾਂ ਸਾਰੇ ਨੋਟਿਸ ਰੱਦ ਕਰ ਦਿੱਤੇ ਹਨ।

ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਡੀ. ਐੱਮ. ਕੇ. ਦੇ ਕੁਝ ਮੈਂਬਰ ‘ਚੇਅਰ’ ਦੇ ਨੇੜੇ ਆ ਗਏ ਤੇ ਨਾਅਰੇਬਾਜ਼ੀ ਕਰਨ ਲੱਗ ਪਏ। ਡਿਪਟੀ ਚੇਅਰਮੈਨ ਨੇ ਹੰਗਾਮੇ ਦੌਰਾਨ ਸਿਫ਼ਰ ਕਾਲ ਸ਼ੁਰੂ ਕੀਤਾ।

ਭਾਜਪਾ ਦੇ ਰਾਜੀਵ ਭੱਟਾਚਾਰੀਆ ਸਮੇਤ ਕੁਝ ਹੋਰ ਮੈਂਬਰਾਂ ਨੇ ਆਪੋ-ਆਪਣੇ ਮੁੱਦੇ ਉਠਾਏ। ਡੀ. ਐੱਮ. ਕੇ. ਦੇ ਆਰ. ਗਿਰਰਾਜਨ ਨੇ ਦੱਖਣੀ ਸੂਬਿਆਂ ’ਚ ਪ੍ਰਸਤਾਵਿਤ ਹੱਦਬੰਦੀ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਇਹ ਤਾਮਿਲਨਾਡੂ ਲਈ ਬਿਲਕੁਲ ਪ੍ਰਵਾਨ ਹੋਣ ਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਦੱਖਣੀ ਸੂਬਿਆਂ ਨੇ ਆਬਾਦੀ ਕੰਟਰੋਲ ’ਚ ਅਹਿਮ ਯੋਗਦਾਨ ਪਾਇਆ ਹੈ ਪਰ ਉੱਥੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਘਟਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਕੇਰਲ, ਤਾਮਿਲਨਾਡੂ ਤੇ ਪੰਜਾਬ ਵਰਗੇ ਸੂਬੇ ਜਿਨ੍ਹਾਂ ਨੇ ਪਰਿਵਾਰ ਨਿਯੋਜਨ ਲਾਗੂ ਕੀਤਾ ਹੈ, ਦੀਆਂ ਸੰਸਦੀ ਸੀਟ ਾਂ ਦੇ ਘਟਣ ਦਾ ਖ਼ਤਰਾ ਹੈ। ਮਾੜੇ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਤੇ ਉੱਚ ਜਣੇਪਾ ਦਰਾਂ ਵਾਲੇ ਸੂਬਿਆਂ ਜਿਵੇਂ ਕਿ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਨੂੰ ਵੱਧ ਸੰਸਦੀ ਸੀਟਾਂ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਪਿਛਲੇ ਦਹਾਕਿਆਂ ’ਚ ਦੇਸ਼ ਦੀ ਕੁੱਲ ਆਬਾਦੀ ’ਚ ਦੱਖਣੀ ਸੂਬਿਆਂ ਦਾ ਹਿੱਸਾ ਘਟਿਆ ਹੈ, ਜਦੋਂ ਕਿ ਉੱਤਰ ’ਚ ਹਿੱਸਾ ਵਧਿਆ ਹੈ। ਜੇ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਜਾਂ ਮੁੜ-ਨਿਰਧਾਰਨ ਕਰਨ ਲਈ ਆਬਾਦੀ ਨੂੰ ਇੱਕੋ-ਇਕ ਆਧਾਰ ਬਣਾਇਆ ਜਾਂਦਾ ਹੈ ਤਾਂ ਦੱਖਣ ਤੋਂ ਸੰਸਦ ’ਚ ਭੇਜੇ ਗਏ ਸੰਸਦ ਮੈਂਬਰਾਂ ਦਾ ਅਨੁਪਾਤ ਮੌਜੂਦਾ ਸਮੇਂ ਦੇ ਮੁਕਾਬਲੇ ਘੱਟ ਜਾਵੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਹੱਦਬੰਦੀ ਪ੍ਰਤੀ ਪਹੁੰਚ ਬੁਨਿਆਦੀ ਤੌਰ ’ਤੇ ਵਿਤਕਰੇ ਭਰੀ ਹੈ। 1971 ਦੀ ਮਰਦਮਸ਼ੁਮਾਰੀ ਨੂੰ ਹਲਕਿਆਂ ਦੀ ਹੱਦਬੰਦੀ ਦਾ ਆਧਾਰ ਬਣਾਇਆ ਜਾਵੇ। ਗਿਰਰਾਜਨ ਵੱਲੋਂ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਵਿਰੋਧੀ ਮੈਂਬਰਾਂ ਦਾ ਹੰਗਾਮਾ ਹੋਰ ਵੀ ਵੱਧ ਗਿਆ।

ਡੀ. ਐੱਮ. ਕੇ. ਦੇ ਕਈ ਮੈਂਬਰ ਤੇ ਐੱਮ. ਡੀ. ਐੱਮ. ਕੇ ਦੇ ਮੈਂਬਰ ਵਾਈਕੋ ‘ਚੇਅਰ’ ਦੇ ਨੇੜੇ ਆ ਗਏ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਵੀ ਆਪੋ-ਆਪਣੀਆਂ ਸੀਟਾਂ ’ਤੇ ਹੰਗਾਮਾ ਕਰਦੇ ਵੇਖੇ ਗਏ। ਇਸ ’ਤੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਗਿਰਰਾਜਨ ਪਹਿਲਾਂ ਹੀ ਉਹ ਮੁੱਦਾ ਉਠਾ ਚੁੱਕੇ ਹਨ ਜਿਸ ’ਤੇ ਵਿਰੋਧ ਕਰ ਰਹੇ ਮੈਂਬਰ ਚਰਚਾ ਚਾਹੁੰਦੇ ਹਨ। ਉਨ੍ਹਾਂ ਮੈਂਬਰਾਂ ਨੂੰ ਆਪਣੀਆਂ ਸੀਟਾਂ 'ਤੇ ਵਾਪਸ ਜਾਣ ਲਈ ਕਿਹਾ ਪਰ ਉਨ੍ਹਾਂ ਆਪਣਾ ਵਿਰੋਧ ਜਾਰੀ ਰੱਖਿਆ।

ਦੱਖਣੀ ਸੂਬਿਆਂ ਨਾਲ ਸਬੰਧਤ ਮੈਂਬਰਾਂ ਨੇ ਰੋਸ ਵਜੋਂ ਕਾਲੇ ਕੱਪੜੇ ਪਹਿਨੇ ਹੋਏ ਸਨ। ਇਹ ਵੇਖ ਕੇ ਕਿ ਹੰਗਾਮਾ ਰੁਕ ਨਹੀਂ ਰਿਹਾ, ਹਰੀਵੰਸ਼ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ।

ਚਰਚਾ ਲਈ ਨੋਟਿਸ ਦੇਣ ਵਾਲਿਆਂ ’ਚ ਤ੍ਰਿਣਮੂਲ ਕਾਂਗਰਸ ਦੇ ਮੁਹੰਮਦ ਨਦੀਮੁਲ ਹੱਕ, ਸਾਗਰਿਕਾ ਘੋਸ਼, ਡੋਲਾ ਸੇਨ ਤੇ ਸੁਸ਼ਮਿਤਾ ਦੇਵ, ਬੀਜੂ ਜਨਤਾ ਦਲ ਦੇ ਸਸਮਿਤ ਪਾਤਰਾ ਤੇ ਸੁਲਤਾ ਦੇਵ, ਕਾਂਗਰਸ ਦੇ ਪ੍ਰਮੋਦ ਤਿਵਾੜੀ, ਸਈਦ ਨਸੀਰ ਹੁਸੈਨ ਤੇ ਅਜੇ ਮਾਕਨ, ਸ਼ਿਵ ਸੈਨਾ-ਯੂ. ਬੀ. ਟੀ. ਦੀ ਪ੍ਰਿਅੰਕਾ ਚਤੁਰਵੇਦੀ ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸ਼ਾਮਲ ਸਨ।

ਖੜਗੇ ਦੇ ‘ਠੋਕੇਂਗੇ’ ਵਾਲੇ ਬਿਆਨ ’ਤੇ ਹੰਗਾਮਾ

ਬਜਟ ਸੈਸ਼ਨ ਦੇ ਦੂਜੇ ਦਿਨ ਰਾਜ ਸਭਾ ’ਚ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ‘ਠੋਕੇਂਗੇ’ ਵਾਲੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ।

ਅਸਲ ’ਚ ਡਿਪਟੀ ਚੇਅਰਮੈਨ ਨੇ ਦਿਗਵਿਜੇ ਸਿੰਘ ਨੂੰ ਬੋਲਣ ਲਈ ਕਿਹਾ ਸੀ ਪਰ ਖੜਗੇ ਨੇ ਵਿੱਚੋਂ ਹੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ’ਤੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ ਤੁਸੀਂ ਸਵੇਰੇ ਵੀ ਬੋਲ ਚੁੱਕੇ ਹੋ। ਹੁਣ ਬੋਲਣ ਦੀ ਵਾਰੀ ਦਿਗਵਿਜੇ ਸਿੰਘ ਦੀ ਹੈ, ਇਸ ਲਈ ਕਿਰਪਾ ਕਰ ਕੇ ਬੈਠ ਜਾਓ। ਇਸ ’ਤੇ ਖੜਗੇ ਨੇ ਕਿਹਾ ਕਿ ਦਿਗਵਿਜੇ ਤਾਂ ਬੋਲਣਗੇ ਹੀ। ਮੈਂ ਵੀ ਜ਼ਰੂਰ ਬੋਲਾਂਗਾ, ਪਰ ਤੁਸੀਂ ਕੀ-ਕੀ ਠੋਕਣਾ ਹੈ, ਅਸੀਂ ਉਸ ਨੂੰ ਚੰਗੀ ਕਰ੍ਹਾਂ ਠੋਕਾਂਗੇ, ਅਸੀਂ ਸਰਕਾਰ ਨੂੰ ਵੀ ਠੋਕਾਂਗੇ।

ਜਦੋਂ ਹਰੀਵੰਸ਼ ਨੇ ਉਨ੍ਹਾਂ ਦੇ ਬਿਆਨ ’ਤੇ ਇਤਰਾਜ਼ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੀਆਂ ਨੀਤੀਆਂ ਨੂੰ ਠੋਕਣ ਦੀ ਗੱਲ ਕਰ ਰਿਹਾ ਹਾਂ।


author

Rakesh

Content Editor

Related News