ਵਿਰੋਧੀ ਧਿਰ ਵੀ ਮੰਨ ਚੁੱਕੀ ਹੈ ਕਿ ਉਸ ਦੀ ਹਾਰ ਤੈਅ ਹੈ : ਮੋਦੀ

02/27/2024 6:54:40 PM

ਤਿਰੂਵਨੰਤਪੁਰਮ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੇ ਵੀ ਮੰਨ ਲਿਆ ਹੈ ਕਿ ਉਹ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ’ਚ ਜਿੱਤ ਹਾਸਲ ਨਹੀਂ ਕਰ ਸਕੇਗੀ। ਉਸ ਕੋਲ ਦੇਸ਼ ਦੇ ਵਿਕਾਸ ਦਾ ਕੋਈ ਖਾਕਾ ਨਹੀਂ ਹੈ। ਇਸੇ ਲਈ ਉਹ ਮੈਨੂੰ ਚੰਗਾ-ਮਾੜਾ ਕਹਿਣ ਦੀ ਰਣਨੀਤੀ ਅਪਣਾ ਰਹੀ ਹੈ।

ਇੱਥੇ ਕੇਂਦਰੀ ਸਟੇਡੀਅਮ ’ਚ ਭਾਰਤੀ ਜਨਤਾ ਪਾਰਟੀ ਦੀ ਸੂਬਾਈ ਇਕਾਈ ਦੀ ਪੈਦਲ ਯਾਤਰਾ ਦੇ ਸਮਾਪਤੀ ਸਮਾਰੋਹ ’ਚ ਬੋਲਦਿਆਂ ਮੋਦੀ ਨੇ ਕੇਰਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਸੂਬੇ ’ਚ 2 ਅੰਕਾਂ ਦੀਆਂ ਸੀਟਾਂ ਜਿਤਾ ਕੇ ਭਾਜਪਾ ਨੂੰ ਆਪਣਾ ਆਸ਼ੀਰਵਾਦ ਦੇਣ। ਭਾਜਪਾ ਕਦੇ ਵੀ ਕਿਸੇ ਸੂਬੇ ਨੂੰ ਵੋਟ ਬੈਂਕ ਪੱਖੋਂ ਨਹੀਂ ਵੇਖਦੀ। ਮੋਦੀ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ’ਚ ਕੇਰਲ ’ਚ ਵੀ ਭਾਜਪਾ ਸ਼ਾਸਿਤ ਸੂਬਿਆਂ ਵਾਂਗ ਵਿਕਾਸ ਹੋਇਆ ਹੈ।

ਉਨ੍ਹਾਂ ਕਿਹਾ ਕਿ ਮੈਂ ਕੇਰਲ ਦੇ ਲੋਕਾਂ ਦੇ ਸੁਪਨਿਆਂ ਤੇ ਇੱਛਾਵਾਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਇਹ ਮੇਰੀ ਗਾਰੰਟੀ ਹੈ। ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੇ ਨਾਲ-ਨਾਲ ਦੇਸ਼ ’ਚੋਂ ਗਰੀਬੀ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਵੀ ਇਕ ਗਾਰੰਟੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਮਿਊਨਿਸਟ ਮੁੱਖ ਮੰਤਰੀ ਪਿਨਾਰਾਈ ਵਿਜਯਨ ’ਤੇ ਭ੍ਰਿਸ਼ਟਾਚਾਰ ਅਤੇ ਘਪਲਿਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਖੱਬੇ ਪੱਖੀ ਸਰਕਾਰ ਨੂੰ ਫਾਸ਼ੀਵਾਦੀ ਕਰਾਰ ਦਿੱਤਾ। ਜਵਾਬ ’ਚ ਕਮਿਊਨਿਸਟਾਂ ਨੇ ਕਾਂਗਰਸੀ ਵਰਕਰਾਂ ’ਤੇ ਲਾਠੀਚਾਰਜ ਕੀਤਾ ਅਤੇ ਸਾਬਕਾ ਪ੍ਰਸ਼ਾਸਨ ’ਤੇ ਵੱਖ-ਵੱਖ ਘਪਲਿਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਕੇਰਲ ਤੋਂ ਬਾਹਰ ‘ਇੰਡੀਆ’ ਗੱਠਜੋੜ ਦੀਆਂ ਮੀਟਿੰਗਾਂ ’ਚ ਉਹ ਇਕੱਠੇ ਬੈਠਦੇ ਹਨ, ਸਮੋਸੇ ਤੇ ਬਿਸਕੁਟ ਖਾਂਦੇ ਹਨ, ਚਾਹ ਪੀਂਦੇ ਹਨ।


Rakesh

Content Editor

Related News