''ਆਪਰੇਸ਼ਨ ਮੁਕਤੀ'' ਤਹਿਤ ਭੀਖ ਮੰਗਣ ਵਾਲੇ 68 ਬੱਚਿਆਂ ਨੂੰ ਮਿਲਿਆ ਪੜ੍ਹਨ ਦਾ ਮੌਕਾ

07/07/2019 12:45:44 PM

ਦੇਹਰਾਦੂਨ (ਭਾਸ਼ਾ)— ਉੱਤਰਾਖੰਡ ਪੁਲਸ ਵਲੋਂ ਭੀਖ ਮੰਗਣ ਦੇ ਰੁਝਾਨ ਨੂੰ ਖਤਮ ਕਰਨ ਲਈ ਚਲਾਏ ਗਏ 'ਆਪਰੇਸ਼ਨ ਮੁਕਤੀ' ਤੋਂ 68 ਬੱਚਿਆਂ ਨੂੰ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲ ਗਿਆ ਹੈ। ਇਨ੍ਹਾਂ 'ਚੋਂ 11 ਸਾਲਾ ਰਾਜੂ ਇਕ ਨੇਤਰਹੀਨ ਬੱਚਾ ਹੈ, ਜੋ ਹੁਣ ਦੇਹਰਾਦੂਨ ਸਥਿਤ ਪ੍ਰਸਿੱਧ ਰਾਸ਼ਟਰੀ ਨੇਤਰਹੀਨ ਸੰਸਥਾ 'ਚ ਰਹਿ ਕੇ ਪੜ੍ਹਾਈ ਕਰੇਗਾ। ਇਸ ਪ੍ਰਕਾਰ 67 ਹੋਰ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ 'ਚ ਦਾਖਲਾ ਦਿਵਾਇਆ ਗਿਆ ਹੈ। ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਮੁਹਿੰਮ ਦਾ ਮੁੱਖ ਟੀਚਾ ਬੱਚਿਆਂ ਵਲੋਂ ਭੀਖ ਮੰਗਣ ਦੇ ਰੁਝਾਨ 'ਤੇ ਪ੍ਰਭਾਵੀ ਰੋਕਥਾਮ, ਜਾਗਰੂਕਤਾ ਅਤੇ ਭੀਖ ਮੰਗਣ 'ਚ ਸ਼ਾਮਲ ਬੱਚਿਆਂ ਦਾ ਮੁੜ ਵਸੇਬਾ ਹੈ। ਮੁਹਿੰਮ ਤਹਿਤ ਪੁਲਸ ਨੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟਸ ਵੀ ਬਣਾਏ ਅਤੇ ਇਨ੍ਹਾਂ ਨੂੰ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ।

PunjabKesari

ਹਰੀਦੁਆਰ 'ਚ ਬੱਚਿਆਂ ਵਲੋਂ ਸਭ ਤੋਂ ਵੱਧ ਭੀਖ ਮੰਗੀ ਜਾਂਦੀ ਹੈ, ਇਸ ਲਈ ਉੱਥੇ ਜ਼ਿਆਦਾ ਫੋਕਸ ਰੱਖਿਆ ਗਿਆ। ਹਰ ਯੂਨਿਟ ਵਿਚ ਇਕ ਮਹਿਲਾ ਪੁਲਸ ਕਰਮੀ ਦੀ ਵੀ ਤਾਇਨਾਤੀ ਕੀਤੀ ਗਈ। ਦੇਹਰਾਦੂਨ 'ਚ ਸ਼ਹਿਰ ਦੇ ਅਜਿਹੇ ਇਲਾਕੇ ਚੁਣੇ ਗਏ ਹਨ, ਜਿੱਥੇ ਬੱਚੇ ਭੀਖ ਮੰਗਣ 'ਚ ਜ਼ਿਆਦਾ ਸ਼ਾਮਲ ਰਹਿੰਦੇ ਹਨ। ਇਨ੍ਹਾਂ ਇਲਾਕਿਆਂ ਵਿਚ ਦਰਸ਼ਨ ਲਾਲ ਚੌਕ, ਪਰੇਡ ਗਰਾਊਂਡ, ਰਿਸਪਨਾ ਪੁਲ, ਪੈਸਿਫਿਕ ਮਾਲ, ਰੇਲਵੇ ਸਟੇਸ਼ਨ, ਦਿਲਾਰਾਮ ਚੌਕ, ਪ੍ਰਿੰਸ ਚੌਕ, ਬੱਲੁਪੁਰ ਚੌਕ ਆਦਿ ਥਾਵਾਂ 'ਤੇ ਲਗਾਤਾਰ ਮੁਹਿੰਮ ਚਲਾਈ ਗਈ।

ਆਓ ਜਾਣਦੇ ਹਾਂ ਕਿਵੇਂ ਚੱਲ ਰਹੀ ਹੈ ਇਹ ਮੁਹਿੰਮ—
ਪਹਿਲੇ ਪੜਾਅ— ਇਸ 'ਚ 1 ਮਈ ਤੋਂ 15 ਮਈ ਤਕ ਭੀਖ ਮੰਗਣ 'ਚ ਸ਼ਾਮਲ ਬੱਚਿਆਂ ਅਤੇ ਪਰਿਵਾਰਾਂ ਦਾ ਬਿਓਰਾ ਤਿਆਰ ਕੀਤਾ ਗਿਆ।
ਦੂਜਾ ਪੜਾਅ — ਇਸ ਵਿਚ 16 ਮਈ ਤੋਂ ਲੈ ਕੇ 15 ਜੂਨ ਤਕ ਦੇਹਰਾਦੂਨ ਸ਼ਹਿਰ ਦੇ ਸਾਰੇ ਸਕੂਲਾਂ, ਕਾਲਜਾਂ, ਜਨਤਕ ਥਾਵਾਂ, ਸਿਨਮਾਘਰਾਂ, ਬੱਸ, ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਥਾਵਾਂ 'ਤੇ ਬੱਚਿਆਂ ਨੂੰ ਭੀਖ ਨਾ ਦੇਣ ਲਈ ਜਨਤਾ ਵਿਚਾਲੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਲਈ ਪੁਲਸ ਨੇ ਬੈਨਰ, ਪੋਸਟਰ, ਨੁੱਕੜ ਨਾਟਕ, ਧਾਰਮਿਕ ਥਾਵਾਂ 'ਤੇ ਲਾਊਡ ਸਪੀਕਰ, ਸਿਨਮਾਘਰਾਂ ਵਿਚ ਲਘੂ ਫਿਲਮਾਂ, ਸੋਸ਼ਲ ਮੀਡੀਆ ਦੀ ਵੀ ਵਰਤੋਂ ਜਾਗਰੂਕਤਾ ਫੈਲਾਉਣ ਲਈ ਕੀਤੀ। ਬੱਚਿਆਂ ਦੇ ਪਰਿਵਾਰਾਂ ਨੂੰ ਵੀ ਸਮਝਾਇਆ ਗਿਆ ਕਿ ਭੀਖ ਮੰਗਣਾ ਇਕ ਬੁਰਾਈ ਹੈ।

Image result for Operation mukati
ਤੀਜਾ ਪੜਾਅ— ਇਸ 'ਚ 16 ਜੂਨ ਤੋਂ 30 ਜੂਨ ਤਕ ਭੀਖ ਮੰਗਣ 'ਚ ਸ਼ਾਮਲ ਬੱਚਿਆਂ ਨੂੰ ਇਸ ਤੋਂ ਹਟਾ ਕੇ ਉਨ੍ਹਾਂ ਦੇ ਪਰਿਵਾਰਾਂ ਵਿਰੁੱਧ ਪ੍ਰੌਸੀਕਿਊਨ ਰਜਿਸਟਰਡ ਕਰ ਕੇ ਕਾਰਵਾਈ ਕਰਨਾ ਅਤੇ ਕਿਸੇ ਪ੍ਰਕਾਰ ਦਾ ਸ਼ੱਕ ਹੋਣ 'ਤੇ ਡੀ. ਐੱਨ. ਏ. ਟੈਸਟ ਦੀ ਕਾਰਵਾਈ ਕਰਨਾ ਸ਼ਾਮਲ ਹੈ। ਮੁਹਿੰਮ ਤਹਿਤ ਭੀਖ ਮੰਗਣ,  ਕੂੜਾ ਚੁੰਗਣ, ਗੁਬਾਰੇ ਵੇਚਣ ਆਦਿ ਕੰਮਾਂ ਵਿਚ ਲੱਗੇ 292 ਬੱਚਿਆਂ ਦਾ ਬਿਓਰਾ ਤਿਆਰ ਕੀਤਾ ਗਿਆ।
ਪੁਲਸ ਸੁਪਰਡੈਂਟ ਅਤੇ ਇਸ ਮੁਹਿੰਮ ਦੇ ਨੋਡਲ ਅਧਿਕਾਰੀ ਸ਼ੇਖਰ ਸੁਯਾਲ ਨੇ ਦੱਸਿਆ ਕਿ ਹੁਣ ਤਕ 68 ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਪ੍ਰਦੇਸ਼ ਦੇ ਡੀ. ਜੀ. ਪੀ. ਅਨਿਲ ਰਤੂੜੀ ਨੇ ਇਸ ਮੁਹਿੰਮ 'ਚ ਸ਼ਾਮਲ ਰਹੇ ਗੈਰ-ਸਰਕਾਰੀ ਸੰਗਠਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਬੱਚੇ ਪੜ੍ਹ-ਲਿਖ ਕੇ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਹੋ ਜਾਣ।


Tanu

Content Editor

Related News