ਕੇਂਦਰੀ ਗ੍ਰਹਿ ਮੰਤਰਾਲਾ ਦੀ ਸੂਬਿਆਂ ਨੂੰ ਚਿਤਾਵਨੀ ਭਰੀ ਚਿੱਠੀ, ਭੀੜ ਨਾਲ ਫਿਰ ਕੋਰੋਨਾ ਫੈਲਣ ਦਾ ਖ਼ਤਰਾ
Thursday, Jul 15, 2021 - 10:19 AM (IST)
ਨਵੀਂ ਦਿੱਲੀ- ਦੇਸ਼ ਦੇ ਕੁਝ ਹਿੱਸਿਆਂ ਖਾਸ ਤੌਰ ’ਤੇ ਪਹਾੜੀ ਖੇਤਰਾਂ ਦੀਆਂ ਸੈਰਗਾਹਾਂ, ਜਨਤਕ ਆਵਾਜਾਈ, ਦੁਕਾਨਾਂ ਤੇ ਮਾਲਜ਼ ਵਿਚ ਵਧ ਰਹੀ ਭੀੜ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਇਕ ਵਾਰ ਮੁੜ ਇਨਫੈਕਸ਼ਨ ਵਧਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਚਿਤਾਵਨੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਕੋਵਿਡ ਤੋਂ ਬਚਾਅ ਲਈ ਚੌਕਸੀ ਉਪਾਅ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ।
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਕਰਨੀ ਖ਼ਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ’ਤੇ ਉੱਥੇ ਤੁਰੰਤ ਪਾਬੰਦੀਆਂ ਲਾਗੂ ਕਰਨੀਆਂ ਪੈਣਗੀਆਂ। ਇਸ ਦੇ ਲਈ ਉੱਥੋਂ ਦੇ ਅਦਾਰਿਆਂ, ਕੰਪਲੈਕਸਾਂ, ਦੁਕਾਨਾਂ ਆਦਿ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਵੇਗਾ ਅਤੇ ਕਸੂਰਵਾਰਾਂ ਖਿਲਾਫ ਸਬੰਧਤ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰਾਲਾ ਨੇ ਦੁਹਰਾਇਆ ਹੈ ਕਿ ਜਿਸ ਖੇਤਰ ਵਿਚ ਪਾਬੰਦੀ ਲਾਈ ਜਾਂਦੀ ਹੈ, ਉੱਥੋਂ ਦੇ ਅਧਿਕਾਰੀ ਨੂੰ ਹੀ ਲਾਪ੍ਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਗ੍ਰਹਿ ਸਕੱਤਰ ਨੇ ਸਾਰੇ ਮੁੱਖ ਸਕੱਤਰਾਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਅਧਿਕਾਰੀਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਭੀੜ-ਭੜੱਕੇ ’ਤੇ ਕਾਬੂ ਪਾਉਣ ਦੇ ਸਾਰੇ ਉਪਾਅ ਲਾਗੂ ਕਰਨ ਦੇ ਹੁਕਮ ਦੇਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਲਾਉਣ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਬਾਰੇ ਸਾਰੇ ਲੋਕਾਂ ਨੂੰ ਪ੍ਰਚਾਰ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਨਿੱਜੀ ਟੀਕਾਕਰਨ ਕੇਂਦਰਾਂ ਦੀ ਹੌਲੀ ਰਫਤਾਰ, ਸੂਬੇ ਕਰਨ ਨਿਗਰਾਨੀ
ਕੇਂਦਰ ਨੇ ਕਿਹਾ ਕਿ ਕੁਝ ਸੂਬਿਆਂ ਵਿਚ ਨਿੱਜੀ ਕੇਂਦਰਾਂ ਵਲੋਂ ਕੋਵਿਡ-19 ਰੋਕੂ ਟੀਕੇ ਖਰੀਦਣ ਅਤੇ ਉਨ੍ਹਾਂ ਨੂੰ ਲਾਉਣ ਦੀ ਹੌਲੀ ਰਫ਼ਤਾਰ ਗੰਭੀਰ ਚਿੰਤਾ ਦਾ ਕਾਰਨ ਹੈ ਅਤੇ ਉਸ ਨੇ ਸੂਬਿਆਂ ਨੂੰ ਰੋਜ਼ਾਨਾ ਸਥਿਤੀ ਦੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਹੈ ਕਿ ਟੀਕਿਆਂ ਦੀ ਖੁਰਾਕ ਲਈ ਮੰਗ-ਪੱਤਰ ਤੁਰੰਤ ਟੀਕਾ ਨਿਰਮਾਤਾਵਾਂ ਨੂੰ ਭੇਜੇ ਜਾਣ।