ਸਾਡੇ 470 ਸੰਸਦ ਮੈਂਬਰ ਹੋਣਗੇ ਤਾਂ ਹੀ ਬਣੇਗਾ ਹਿੰਦੂ ਰਾਸ਼ਟਰ: ਜਗਦਗੁਰੂ ਰਾਮਭਦਰਚਾਰੀਆ

Tuesday, Nov 04, 2025 - 01:38 AM (IST)

ਸਾਡੇ 470 ਸੰਸਦ ਮੈਂਬਰ ਹੋਣਗੇ ਤਾਂ ਹੀ ਬਣੇਗਾ ਹਿੰਦੂ ਰਾਸ਼ਟਰ: ਜਗਦਗੁਰੂ ਰਾਮਭਦਰਚਾਰੀਆ

ਫਤਿਹਪੁਰ - ਤੁਲਸੀ ਪੀਠਾਧੀਸ਼ਵਰ ਜਗਦਗੁਰੂ ਰਾਮਭਦਰਚਾਰੀਆ ਨੇ ਕਿਹਾ ਹੈ ਕਿ ਦੇਸ਼ ਉਦੋਂ ਹੀ ਹਿੰਦੂ ਰਾਸ਼ਟਰ ਬਣੇਗਾ ਜਦੋਂ ਸੰਸਦ ’ਚ ਸਾਡੇ 470 ਮੈਂਬਰ ਹੋਣਗੇ। ਉੱਤਰ ਪ੍ਰਦੇਸ਼ ’ਚ ਫਤਿਹਪੁਰ ਦੇ ਰਾਮਗੰਜ ਪੱਕਾ ਤਲਾਬ ਵਿਖੇ ਪ੍ਰਸਤਾਵਿਤ ਸ਼੍ਰੀ ਜਗਨਨਾਥ ਧਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਮੌਕੇ ਆਯੋਜਿਤ ਇਕ ਸਮਾਰੋਹ ’ਚ ਉਨ੍ਹਾਂ ਕਿਹਾ ਕਿ ਅੱਜ ਸਥਿਤੀ ਅਜਿਹੀ ਹੈ ਕਿ ਸਾਡੇ ਬੱਚੇ ਵੇਦਾਂ, ਸ਼ਾਸਤਰਾਂ ਤੇ ਧਾਰਮਿਕ ਗ੍ਰੰਥਾਂ ਦੇ ਨਾਂ ਵੀ ਨਹੀਂ ਜਾਣਦੇ, ਜਦੋਂ ਕਿ ਮੁਸਲਿਮ ਭਾਈਚਾਰੇ ਦਾ ਹਰ ਬੱਚਾ ਕੁਰਾਨ ਪੜ੍ਹਦਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ’ਚ ਹਿੰਦੂ ਆਬਾਦੀ 80 ਫੀਸਦੀ ਹੋਵੇ ਤਾਂ ਹੀ ਸਨਾਤਨ ਸੱਭਿਆਚਾਰ ਦੀ ਰੱਖਿਆ ਹੋਵੇਗੀ। ਉਕਤ ਮੰਦਰ ’ਚ ਗੈਰ-ਹਿੰਦੂਆਂ ਦੇ ਦਾਖਲੇ 'ਤੇ ਪਾਬੰਦੀ ਹੋਵੇਗੀ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਕਦਰਾਂ-ਕੀਮਤਾਂ ’ਤੇ ਧਾਰਮਿਕ ਸਿੱਖਿਆ ਦੇਣ ਤਾਂ ਜੋ ਨਵੀਂ ਪੀੜ੍ਹੀ ਆਪਣੇ ਧਰਮ ਨਾਲ ਜੁੜੀ ਰਹੇ।

ਚਿੱਤਰਕੂਟ ’ਚ ਗੁਰੂਕੁਲ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ ਉਨ੍ਹਾਂ ਭਾਜਪਾ ਨੇਤਾ ਤੇ ਪ੍ਰਬੰਧਕ ਸੰਤੋਸ਼ ਤਿਵਾੜੀ ਨੂੰ ‘ਗੁਰੂ ਦਕਸ਼ਿਣਾ’ ਵਜੋਂ 400,000 ਇੱਟਾਂ ਦਾਨ ਕਰਨ ਲਈ ਕਿਹਾ ਜਿਸ ਲਈ ਤਿਵਾੜੀ ਸਹਿਮਤ ਹੋ ਗਏ। ਉਨ੍ਹਾਂ ਕਿਹਾ ਕਿ ਜਗਨਨਾਥ ਮੰਦਰ ਦੀ ਉਸਾਰੀ ਧਾਰਮਿਕ ਜਾਗ੍ਰਿਤੀ ਤੇ ਹਿੰਦੂ ਏਕਤਾ ਦਾ ਪ੍ਰਤੀਕ ਹੋਵੇਗੀ। ਪੁਰੀ ਦੇ ਮੁੱਖ ਪੁਜਾਰੀ ਦੈਤਯਤਯ ਭਵਾਨੀ ਦਾਸ ਜੀ ਮਹਾਰਾਜ ਵੀ ਇਸ ਮੌਕੇ ’ਤੇ ਮੌਜੂਦ ਸਨ।


author

Inder Prajapati

Content Editor

Related News