ਸੰਦੀਪ ਘੋਸ਼ ਨੂੰ ਦੇਖਦੇ ਹੀ ਭੀੜ ਨੇ ਲਾਏ ''ਚੋਰ, ਚੋਰ...'' ਦੇ ਨਾਅਰੇ, ਸੀਬੀਆਈ ਨੇ 12 ਘੰਟੇ ਤੱਕ ਲਈ ਘਰ ਦੀ ਤਲਾਸ਼ੀ
Sunday, Aug 25, 2024 - 11:34 PM (IST)
ਕੋਲਕਾਤਾ : ਕੋਲਕਾਤਾ ਰੇਪ-ਮਰਡਰ ਮਾਮਲੇ 'ਚ ਆਰ.ਜੀ. ਕਰ ਹਸਪਤਾਲ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਸੀਬੀਆਈ ਦੀ ਟੀਮ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਦੇ ਘਰ ਪਹੁੰਚੀ ਸੀ। ਇਸ ਤੋਂ ਇਲਾਵਾ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਚਾਰ ਹੋਰ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਹਨ।
ਕੋਲਕਾਤਾ ਵਿਚ ਸੀਬੀਆਈ ਦੀ ਟੀਮ ਨੇ ਐਤਵਾਰ ਨੂੰ ਡਾ. ਸੰਦੀਪ ਘੋਸ਼ ਦੇ ਘਰ ਦੀ ਤਲਾਸ਼ੀ ਲਈ। ਇਹ ਤਲਾਸ਼ੀ ਮੁਹਿੰਮ ਕਰੀਬ 12 ਘੰਟੇ ਚੱਲੀ ਅਤੇ ਟੀਮ ਐਤਵਾਰ ਸ਼ਾਮ ਕਰੀਬ 8.30 ਵਜੇ ਸੰਦੀਪ ਘੋਸ਼ ਦੇ ਘਰ ਤੋਂ ਬਾਹਰ ਨਿਕਲੀ। ਜਦੋਂ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਕੇ ਘਰੋਂ ਬਾਹਰ ਆ ਰਹੀ ਸੀ ਤਾਂ ਮੁੱਖ ਗੇਟ ’ਤੇ ਡਾ. ਘੋਸ਼ ਖੜ੍ਹੇ ਸਨ। ਇਸ ਦੌਰਾਨ ਮੌਕੇ 'ਤੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ 'ਚੋਰ...ਚੋਰ...' ਦੇ ਨਾਅਰੇ ਲਾਏ। ਭੀੜ ਦਾ ਰੌਲਾ ਸੁਣ ਕੇ ਸਾਬਕਾ ਆਰ.ਜੀ. ਕਰ ਹਸਪਤਾਲ ਦੇ ਪ੍ਰਿੰਸੀਪਲ ਤੁਰੰਤ ਦਰਵਾਜ਼ਾ ਬੰਦ ਕਰਕੇ ਅੰਦਰ ਚਲੇ ਗਏ। ਕੋਲਕਾਤਾ ਪੁਲਸ ਅਤੇ ਸੀਆਰਪੀਐੱਫ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਤੁਰੰਤ ਕਾਰਵਾਈ ਕੀਤੀ। ਛਾਪੇਮਾਰੀ ਦੌਰਾਨ ਸੀਬੀਆਈ ਨੇ ਡਾ. ਘੋਸ਼ ਦੇ ਘਰੋਂ ਕੁਝ ਅਹਿਮ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।
ਦੱਸਣਯੋਗ ਹੈ ਕਿ ਕੋਲਕਾਤਾ ਰੇਪ-ਕਤਲ ਮਾਮਲੇ ਵਿਚ ਆਰ.ਜੀ. ਕਰ ਹਸਪਤਾਲ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਸੀਬੀਆਈ ਦੀ ਟੀਮ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਦੇ ਘਰ ਪਹੁੰਚੀ ਸੀ। ਇਸ ਤੋਂ ਇਲਾਵਾ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਚਾਰ ਹੋਰ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਹਨ। ਇਨ੍ਹਾਂ ਵਿਚ ਆਰ.ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਅਤੇ ਟੌਕਸੀਕੋਲੋਜੀ ਦੇ ਡਾ. ਦੇਬਾਸ਼ੀਸ਼ ਸੋਮ ਦਾ ਘਰ ਵੀ ਸ਼ਾਮਲ ਸੀ।
ਸੀਬੀਆਈ ਦੀ ਇਕ ਟੀਮ ਡਾ. ਸੰਦੀਪ ਘੋਸ਼ ਦੇ ਘਰ ਪਹੁੰਚੀ ਸੀ, ਦੂਜੀ ਟੀਮ ਆਰ.ਜੀ ਕਰ ਵਿਚ ਫੋਰੈਂਸਿਕ ਮੈਡੀਸਨ ਦੇ ਪ੍ਰੋਫੈਸਰ ਡਾ. ਦੇਬਾਸ਼ੀਸ਼ ਸੋਮ ਦੇ ਘਰ ਪਹੁੰਚੀ ਸੀ ਅਤੇ ਤੀਜੀ ਟੀਮ ਆਰ.ਜੀ ਦੇ ਸਾਬਕਾ ਐੱਮਐੱਸਵੀਪੀ ਸੰਜੇ ਵਸ਼ਿਸ਼ਟ ਦੇ ਘਰ ਪਹੁੰਚੀ ਸੀ। ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਆਰ.ਜੀ ਕਰ ਨੇ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਬੰਧਕੀ ਬਲਾਕ ਵਿਚ ਪਹੁੰਚ ਕੇ ਜਾਂਚ ਕੀਤੀ। ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਨੇ ਡਾ. ਦੇਬਾਸ਼ੀਸ਼ ਸੋਮ ਦੇ ਨਾਂ 'ਤੇ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ।
ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਦੀ ਪਟੀਸ਼ਨ 'ਤੇ ਨਿਰਦੇਸ਼
ਸੀਬੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ, ਜਿਸ ਨੇ ਸੂਬੇ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਤੋਂ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਸੀ। ਸ਼ਨੀਵਾਰ ਨੂੰ ਸੀਬੀਆਈ ਨੇ ਐੱਸਆਈਟੀ ਤੋਂ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਅਤੇ ਐੱਫਆਈਆਰ ਦੁਬਾਰਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਹਾਈ ਕੋਰਟ ਨੇ ਆਰ.ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਦੀ ਪਟੀਸ਼ਨ 'ਤੇ ਨਿਰਦੇਸ਼ ਜਾਰੀ ਕੀਤੇ ਸਨ, ਜਿਨ੍ਹਾਂ ਨੇ ਸੰਦੀਪ ਘੋਸ਼ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਲਈ ਈਡੀ ਨੂੰ ਬੇਨਤੀ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8