ਹਾਰ ਤੋਂ ਜਿੱਤ ਤੱਕ, ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ 'ਉਮਰ' ਦਾ ਸਿਆਸੀ ਸਫ਼ਰ

Thursday, Oct 17, 2024 - 05:21 AM (IST)

ਹਾਰ ਤੋਂ ਜਿੱਤ ਤੱਕ, ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ 'ਉਮਰ' ਦਾ ਸਿਆਸੀ ਸਫ਼ਰ

ਸ਼੍ਰੀਨਗਰ- ਇਸ ਸਾਲ ਜੂਨ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨ ਤੋਂ ਸਿਰਫ 4 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ ਲੈਣ ਤੱਕ, ਉਮਰ ਅਬਦੁੱਲਾ ਦਾ ਸਫਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਨੈਸ਼ਨਲ ਕਾਨਫਰੰਸ (NC) ਦੇ ਉਪ-ਪ੍ਰਧਾਨ ਉਮਰ ਅਬਦੁੱਲਾ (54) ਨੇ ਬੁੱਧਵਾਰ ਨੂੰ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਆਪਣੇ ਦਾਦਾ ਸ਼ੇਖ ਅਬਦੁੱਲਾ ਅਤੇ ਪਿਤਾ ਫਾਰੂਕ ਅਬਦੁੱਲਾ ਤੋਂ ਬਾਅਦ ਸੱਤਾ ਵਿਚ ਪ੍ਰਭਾਵਸ਼ਾਲੀ ਅਬਦੁੱਲਾ ਪਰਿਵਾਰ ਦੀ ਤੀਜੀ ਪੀੜ੍ਹੀ ਹੈ। ਉਮਰ 2009-14 ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹੇ ਸਨ।

ਹਾਲ ਹੀ 'ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਫੈਸਲਾਕੁੰਨ ਜਿੱਤ ਨਾਲ 90 ਵਿਚੋਂ 42 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਦੀ ਚੋਣ ਤੋਂ ਪਹਿਲਾਂ ਦੀ ਗਠਜੋੜ ਸਹਿਯੋਗੀ ਕਾਂਗਰਸ ਨੇ 6 ਸੀਟਾਂ 'ਤੇ ਜਿੱਤ ਦਰਜ ਕੀਤੀ। 5 ਆਜ਼ਾਦ ਅਤੇ ਇਕੱਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨੇ ਵੀ ਐਨਸੀ-ਕਾਂਗਰਸ ਗਠਜੋੜ ਨੂੰ ਸਮਰਥਨ ਦਿੱਤਾ ਹੈ। ਉਮਰ ਅਬਦੁੱਲਾ ਨੂੰ ਲੋਕ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਬਾਰਾਮੂਲਾ ਸੀਟ ਤੋਂ ਆਜ਼ਾਦ ਉਮੀਦਵਾਰ ਅਬਦੁਲ ਰਸ਼ੀਦ ਸ਼ੇਖ, ਜਿਸ ਨੂੰ ਇੰਜੀਨੀਅਰ ਰਸ਼ੀਦ ਵਜੋਂ ਜਾਣਿਆ ਜਾਂਦਾ ਹੈ, ਤੋਂ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਟ੍ਰੈਥਕਲਾਈਡ ਯੂਨੀਵਰਸਿਟੀ ਤੋਂ ਆਪਣੀ MBA ਦੀ ਪੜ੍ਹਾਈ ਛੱਡਣ ਵਾਲੇ ਉਮਰ 1998 'ਚ ਚੋਣ ਮੈਦਾਨ ਵਿਚ ਉਤਰੇ  ਸਨ ਅਤੇ 28 ਸਾਲ ਦੀ ਉਮਰ ਵਿਚ 12ਵੀਂ ਲੋਕ ਸਭਾ ਲਈ ਚੁਣੇ ਗਏ ਅਤੇ ਸੰਸਦ ਦੇ ਹੇਠਲੇ ਸਦਨ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਬਣੇ ਸਨ। ਉਹ 1999 ਵਿਚ ਦੁਬਾਰਾ ਚੁਣੇ ਗਏ ਅਤੇ 2000 ਵਿਚ ਉਦਯੋਗ ਅਤੇ ਵਣਜ ਰਾਜ ਮੰਤਰੀ ਅਤੇ ਵਿਦੇਸ਼ ਰਾਜ ਮੰਤਰੀ ਬਣੇ ਪਰ ਗੋਧਰਾ ਕਾਂਡ ਤੋਂ ਬਾਅਦ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਆਪਣੇ ਪਿਤਾ ਵਲੋਂ ਕਮਾਨ ਸੌਂਪੇ ਜਾਣ ਮਗਰੋਂ ਉਮਰ 2002 ਵਿਚ ਪਰਿਵਾਰ ਦੇ ਗੜ੍ਹ ਗੰਦੇਰਬਲ ਤੋਂ ਉਮੀਦਵਾਰ ਕਾਜ਼ੀ ਮੁਹੰਮਦ ਅਫਜ਼ਲ ਤੋਂ ਵਿਧਾਨ ਸਭਾ ਚੋਣਾਂ ਹਾਰ ਗਏ। ਸਾਲ 2004 ਵਿਚ ਉਹ ਮੁੜ ਲੋਕ ਸਭਾ ਲਈ ਚੁਣੇ ਗਏ। 2008 ਦੇ ਅਖ਼ੀਰ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਗੰਦੇਰਬਲ ਸੀਟ ਜਿੱਤੀ ਅਤੇ ਨੈਸ਼ਨਲ ਕਾਨਫਰੰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਉਹ 38 ਸਾਲ ਦੀ ਉਮਰਵਿੱਚ ਮੁੱਖ ਮੰਤਰੀ ਬਣੇ ਅਤੇ ਦੇਸ਼ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀਆਂ ਵਿਚੋਂ ਇਕ ਸਨ ਅਤੇ ਕਾਂਗਰਸ ਨਾਲ ਗੱਠਜੋੜ ਸਰਕਾਰ ਦੀ ਅਗਵਾਈ ਕੀਤੀ।


author

Tanu

Content Editor

Related News