ਗ੍ਰਿਫਤਾਰ ਕੀਤੇ ਉਮਰ ਅਬਦੁੱਲਾ ਨੂੰ ਹਰੀ ਨਿਵਾਸ ਤੋਂ ਕੀਤਾ ਜਾਵੇਗਾ ਟਰਾਂਸਫਰ
Thursday, Jan 16, 2020 - 01:24 AM (IST)

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸੂਬੇ ਵਿਚ ਆਰਟੀਕਲ-370 ਦੀ ਵਿਵਸਥਾ ਨੂੰ ਹਟਾਏ ਜਾਣ ਤੋਂ ਬਾਅਦ ਹਿਰਾਸਤ ’ਚ ਲਏ ਜਾਣ ਦੇ 163 ਦਿਨਾਂ ਉਪਰੰਤ ਉਨ੍ਹਾਂ ਨੂੰ ਅਧਿਕਾਰਤ ਨਿਵਾਸ ਨਜ਼ਦੀਕ ਇਕ ਘਰ ਵਿਚ ਟਰਾਂਸਫਰ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਉਮਰ ਨੂੰ ਹਾਲੇ ਹਰੀ ਨਿਵਾਸ ਵਿਚ ਰੱਖਿਆ ਗਿਆ ਹੈ। ਵੀਰਵਾਰ ਨੂੰ ਉਨ੍ਹਾਂ ਨੂੰ ਟਰਾਂਸਫਰ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਜੰਮੂ-ਕਸ਼ਮੀਰ ਦਾ ਦੌਰਾ ਕਰਨ ਆ ਰਹੇ ਕੇਂਦਰ ਸਰਕਾਰ ਦੇ ਮੰਤਰੀ ਪੱਧਰੀ ਪ੍ਰਤੀਨਿਧੀ ਮੰਡਲ ਲਈ ਹਰੀ ਨਿਵਾਸ ਦੀ ਵਰਤੋਂ ਕੀਤੀ ਜਾਣੀ ਹੈ। ਉਮਰ ਨੂੰ ਜਿਸ ਘਰ ਵਿਚ ਟਰਾਂਸਫਰ ਕੀਤਾ ਜਾਵੇਗਾ, ਉਹ ਉਨ੍ਹਾਂ ਦੇ ਸਰਕਾਰੀ ਘਰ ਦੇ ਨੇੜੇ ਹੈ। ਰੇਲ ਮੰਤਰੀ ਪਿਊਸ਼ ਗੋਇਲ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਗ੍ਰਹਿ ਰਾਜ ਮੰਤਰੀ ਕ੍ਰਿਸ਼ਨ ਰੈੱਡੀ ਸਮੇਤ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਇਕ ਟੀਮ ਜਲਦੀ ਹੀ ਘਾਟੀ ਦਾ ਦੌਰਾ ਕਰਨ ਵਾਲੀ ਹੈ।