ਉਮਰ ਅਬਦੁੱਲਾ 16 ਅਕਤੂਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ

Saturday, Oct 12, 2024 - 12:25 AM (IST)

ਉਪ ਰਾਜਪਾਲ ਦੇ ਸਾਹਮਣੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਜੰਮੂ, (ਸੰਜੀਵ)- ਨੈਸ਼ਨਲ ਕਾਨਫਰੰਸ ਦੇ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ 16 ਅਕਤੂਬਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਮਰ ਅਬਦੁੱਲਾ ਨੇ ਸ਼ੁੱਕਰਵਾਰ ਸ਼ਾਮ ਨੂੰ ਸ਼੍ਰੀਨਗਰ ਸਥਿਤ ਰਾਜ ਭਵਨ ਪਹੁੰਚ ਕੇ ਉਪ ਰਾਜਪਾਲ ਮਨੋਜ ਸਿਨ੍ਹਾ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਆਪਣੇ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸ, ਆਮ ਆਦਮੀ ਪਾਰਟੀ, ਆਜ਼ਾਦ ਵਿਧਾਇਕਾਂ ਅਤੇ ਸੀ. ਪੀ. ਐੱਮ. ਦੇ ਵਿਧਾਇਕਾਂ ਦਾ ਸਮਰਥਨ ਪੱਤਰ ਵੀ ਸੌਂਪਿਆ।

ਉਮਰ ਅਬਦੁੱਲਾ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਹੁੰ ਚੁੱਕ ਸਮਾਗਮ ਦੀ ਮਿਤੀ ਅਤੇ ਸਮਾਂ ਤੈਅ ਕਰਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਵਿਚ ਜੰਮੂ-ਕਸ਼ਮੀਰ ਦੇ ਹਰ ਖੇਤਰ ਨੂੰ ਇਨਸਾਫ਼ ਮਿਲੇਗਾ ਅਤੇ ਜੰਮੂ ਡਵੀਜ਼ਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਤਾਰਿਕ ਹਮੀਦ ਕਰਾ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਸ੍ਰੀਨਗਰ ’ਚ 6 ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ’ਚ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਤੇ ਵਿਧਾਇਕ ਉਮਰ ਅਬਦੁੱਲਾ ਨੂੰ ਮੁੱਖ ਮੰਤਰੀ ਬਣਾਉਣ ਦਾ ਸਰਬਸੰਮਤੀ ਨਾਲ ਸਮਰਥਨ ਕਰਦੇ ਹੋਏ ਦਸਤਖਤ ਕੀਤੇ ਸਮਰਥਨ ਪੱਤਰ ਸੌਂਪਣ ਦਾ ਫੈਸਲਾ ਲਿਆ ਗਿਆ। ਤਾਰਿਕ ਹਮੀਦ ਕਰਾ ਨੇ ਕਿਹਾ ਕਿ ਉਮਰ ਅਬਦੁੱਲਾ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਸਾਂਝੇ ਉਮੀਦਵਾਰ ਹੋਣਗੇ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਾਂਗਰਸ ਵਿਧਾਇਕ ਦਲ ਦੇ ਆਗੂ ਦਾ ਸਬੰਧ ਹੈ, ਇਸ ਸਬੰਧੀ ਕੇਂਦਰੀ ਹਾਈਕਮਾਂਡ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਵਿਧਾਇਕ ਦਲ ਦਾ ਨੇਤਾ ਚੁਣੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਚ ਕੋਈ ਸ਼ਰਤਾਂ ਨਹੀਂ ਹਨ। ਮੀਟਿੰਗ ਵਿਚ ਕਾਂਗਰਸ ਦੇ ਸੂਬਾ ਇੰਚਾਰਜ ਭਰਤ ਸਿੰਘ ਸੋਲੰਕੀ, ਸਾਬਕਾ ਪ੍ਰਧਾਨ ਤੇ ਵਿਧਾਇਕ ਗੁਲਾਮ ਅਹਿਮਦ ਮੀਰ ਵੀ ਹਾਜ਼ਰ ਸਨ।


Rakesh

Content Editor

Related News