ਓਮਾਨ ਦੇ ਤੱਟ ''ਤੇ ਡੁੱਬਣ ਵਾਲੇ ਕਾਰਗੋ ਜਹਾਜ਼ ''ਤੇ ਸਵਾਰ ਭਾਰਤੀ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ

Thursday, Jul 18, 2024 - 07:29 PM (IST)

ਨਵੀਂ ਦਿੱਲੀ : ਹਾਲ ਹੀ ਵਿਚ ਓਮਾਨ ਦੇ ਤੱਟ 'ਤੇ ਡੁੱਬਣ ਵਾਲੇ ਕੋਮੋਰੋਸ ਦੇ ਝੰਡੇ ਵਾਲੇ ਕਾਰਗੋ ਜਹਾਜ਼ ਵਿਚ ਸਵਾਰ ਭਾਰਤੀ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਜਲ ਸੈਨਾ ਨੇ ਬੀਤੀ ਰਾਤ ਕਿਹਾ ਕਿ ਮਾਲਵਾਹਕ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਦਾ ਪਤਾ ਲਗਾਉਣ ਲਈ ਇੱਕ ਬਚਾਅ ਮੁਹਿੰਮ ਦੌਰਾਨ ਭਾਰਤੀ ਜੰਗੀ ਬੇੜੇ ਆਈਐੱਨਐੱਸ ਤੇਗ ਦੁਆਰਾ ਅੱਠ ਭਾਰਤੀਆਂ ਅਤੇ ਇੱਕ ਸ੍ਰੀਲੰਕਾਈ ਨਾਗਰਿਕ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 15 ਜੁਲਾਈ ਨੂੰ ਓਮਾਨ ਦੇ ਰਾਸ ਮਦਰਖ ਤੋਂ ਲਗਭਗ 25 ਨੌਟੀਕਲ ਮੀਲ ਦੱਖਣ-ਪੂਰਬ 'ਚ ਡੁੱਬ ਗਿਆ ਸੀ। ਉਨ੍ਹਾਂ ਕਿਹਾ ਕਿ ਬਚਾਅ ਅਤੇ ਖੋਜ ਕਾਰਜ ਜਾਰੀ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਇੱਕ ਭਾਰਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ (ਐੱਮਐੱਸਸੀ) ਨੇ ਕਿਹਾ ਕਿ ਕਾਰਗੋ ਜਹਾਜ਼ ਐੱਮਟੀ ਫਾਲਕਨ ਪ੍ਰੇਸਟੀਜ ਵਿੱਚ ਸਵਾਰ ਚਾਲਕ ਦਲ ਦੇ ਮੈਂਬਰਾਂ ਦੀ ਗਿਣਤੀ 16 ਸੀ, ਜਿਨ੍ਹਾਂ ਵਿੱਚ 13 ਭਾਰਤੀ ਅਤੇ ਤਿੰਨ ਸ਼੍ਰੀਲੰਕਾਈ ਸਨ। 

ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਓਮਾਨ ਵਿਚ ਸਾਡੇ ਰਾਜਦੂਤ ਅਮਿਤ ਨਾਰੰਗ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਹ ਜਾਣ ਕੇ ਰਾਹਤ ਮਿਲੀ ਕਿ ਭਾਰਤੀ ਜੰਗੀ ਬੇੜੇ ਆਈਐੱਨਐੱਸ ਤੇਗ ਦੁਆਰਾ ਬਚਾਏ ਗਏ 8 ਭਾਰਤੀਆਂ ਨੂੰ ਤੱਟ 'ਤੇ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਭਾਰਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਭਾਰਤ ਅਤੇ ਓਮਾਨ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ। ਭਾਰਤੀ ਜਲ ਸੈਨਾ ਨੇ ਕਿਹਾ ਕਿ ਭਾਰਤੀ ਅਤੇ ਓਮਾਨੀ ਜਲ ਸੈਨਾਵਾਂ ਮਿਲ ਕੇ ਚੁਣੌਤੀਪੂਰਨ ਮੌਸਮ ਵਿਚ ਖੋਜ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਸਮੁੰਦਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।


Baljit Singh

Content Editor

Related News