‘ਜੋ ਦੋ ਰਾਜਕੁਮਾਰ ਘੂਮ ਰਹੇ ਹੈਂ, ਓ ਅਭੀ ਬੱਚਾ ਹੈਂ ਔਰ ਹਮ ਉਨਕੇ ਚੱਚਾ ਹੈਂ’ : ਰਾਜਭਰ

05/22/2024 5:01:53 PM

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਦੇਵਰੀਆ ਲੋਕ ਸਭਾ ਹਲਕੇ ਦੇ ਮਝਗਵਾਂ ਵਿਚ ਸੁਭਾਸਪਾ ਚੀਫ ਓਮ ਪ੍ਰਕਾਸ਼ ਰਾਜਭਰ ਨੇ ਭਾਜਪਾ ਉਮੀਦਵਾਰ ਸ਼ਸ਼ਾਂਕ ਮਨੀ ਤ੍ਰਿਪਾਠੀ ਦੇ ਸਮਰਥਨ ਵਿਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਅਖਿਲੇਸ਼ ਅਤੇ ਰਾਹੁਲ ਦਾ ਨਾਂ ਲਏ ਬਿਨਾਂ ਰਾਜਭਰ ਨੇ ਕਿਹਾ ਕਿ ਯੂ. ਪੀ. ਵਿਚ ਦੋ ਰਾਜਕੁਮਾਰ ਘੁੰਮ ਰਹੇ ਹਨ, ‘ਓ ਦੋਨੋਂ ਅਭੀ ਬੱਚਾ ਹੈਂ ਔਰ ਹਮ ਉਨਕੇ ਚੱਚਾ ਹੈਂ।’

ਚੋਣਾਂ ਤੋਂ ਬਾਅਦ ਨਹੀਂ ਰਹੇਗੀ ਸਪਾ-ਕਾਂਗਰਸ ਗੱਠਜੋੜ

ਸਪਾ ’ਤੇ ਨਿਸ਼ਾਨਾ ਵਿੰਨ੍ਹਿਦਿਆਂ ਓ. ਪੀ. ਰਾਜਭਰ ਨੇ ਕਿਹਾ ਕਿ ਜਿਸ ਟਿਊਬ ਵਿਚ ਹਵਾ ਭਰਨ ਜਾ ਰਹੇ ਸੀ ਉਸਦੀ ਟੂਟੀ ਹੀ ਅਸੀਂ ਖੋਲ੍ਹਕੇ ਲੈ ਚੱਲੇ ਹਾਂ। ਹੁਣ ਸਾਈਕਲ ਦੇ ਪਹੀਏ ਵਿਚ ਹਵਾ ਕਿਵੇਂ ਭਰੀ ਜਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਦੇਸ਼ ਵਿਚ ਸਪਾ ਅਤੇ ਕਾਂਗਰਸ ਦੀ ਕਰਾਰੀ ਹਾਰ ਹੋਵੇਗੀ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸਪਾ ਅਤੇ ਕਾਂਗਰਸ ਵਿਚਾਲੇ ਕੋਈ ਗੱਠਜੋੜ ਨਹੀਂ ਰਹੇਗਾ। ਓ. ਪੀ. ਰਾਜਭਰ ਨੇ ਦਾਅਵਾ ਕੀਤਾ ਕਿ ਸੂਬੇ ਅਤੇ ਦੇਸ਼ ਵਿਚ ਮੋਦੀ ਲਹਿਰ ਹੈ। ਕੇਂਦਰ ਵਿਚ ਇਕ ਵਾਰ ਫਿਰ ਮੋਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂ. ਪੀ. ਵਿਚ ਸਪਾ ਅਤੇ ਕਾਂਗਰਸ ਦੇ ਖਾਤੇ ਵੀ ਨਹੀਂ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਹ ਲੋਕ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋਵੇਗਾ।

ਜ਼ੀਰੋ ਆਏਗਾ ਬਿਜਲੀ ਬਿੱਲ

ਰਾਜਭਰ ਨੇ ਕਿਹਾ ਕਿ ਪੀ. ਐੱਮ. ਮੋਦੀ ਸਰਕਾਰ ਬਣਨ ਤੋਂ ਬਾਅਦ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਹੋਵੇਗਾ। ਉਨ੍ਹਾਂ ਕਿਹਾ ਕਿ 2024 ਤੋਂ ਬਾਅਦ ਸੂਬੇ ਦੇ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਹੋ ਜਾਵੇਗਾ। ਮੋਦੀ ਸਰਕਾਰ ਇਹ ਸਹੂਲਤ ਦੇਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਛੇਵੇਂ ਅਤੇ ਸੱਤਵੇਂ ਗੇੜ ਲਈ ਚੋਣ ਪ੍ਰਚਾਰ ਜਾਰੀ ਹੈ। ਛੇਵੇਂ ਪੜਾਅ ਵਿਚ 25 ਮਈ ਨੂੰ ਵੋਟਾਂ ਪੈਣਗੀਆਂ। ਜਦੋਂ ਕਿ ਸੱਤਵੇਂ ਅਤੇ ਆਖਰੀ ਪੜਾਅ ਵਿਚ 1 ਜੂਨ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।


Rakesh

Content Editor

Related News