ਦਹਾਕਿਆਂ ਪੁਰਾਣੀ ਬੀਮਾਰੀ ‘ਮੰਕੀਪਾਕਸ’ ਬਣੀ ਦੁਨੀਆ ਲਈ ਚੁਣੌਤੀ
Monday, Aug 01, 2022 - 10:40 AM (IST)
ਨੈਸ਼ਨਲ ਡੈਸਕ- ਕੋਰੋਨਾ ਮਹਾਮਾਰੀ ਤੋਂ ਅਜੇ ਤਕ ਦੁਨੀਆ ਪੂਰੀ ਤਰ੍ਹਾਂ ਉਭਰ ਨਹੀਂ ਸਕੀ ਹੈ ਕਿ ਇਕ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਮੰਕੀਪਾਕਸ, ਇਕ ਅਜਿਹੀ ਬੀਮਾਰੀ ਜੋ ਦਹਾਕਿਆਂ ਤੋਂ ਅਫਰੀਕੀ ਲੋਕਾਂ ’ਚ ਆਮ ਹੈ ਪਰ ਹੁਣ ਦੁਨੀਆ ਦੇ ਦੂਜੇ ਦੇਸ਼ਾਂ ’ਚ ਵੀ ਇਕ ਚੁਣੌਤੀ ਬਣ ਕੇ ਫੈਲ ਰਹੀ ਹੈ। ਖਾਸ ਤੌਰ ’ਤੇ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਕਈ ਯੂਰਪੀ ਦੇਸ਼ਾਂ ’ਚ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਕੁਝ ਮਹੀਨਿਆਂ ਦੌਰਾਨ ਇਹ ਵਾਇਰਸ ਦੁਨੀਆ ਦੇ 70 ਦੇਸ਼ਾਂ ’ਚ ਆਪਣੇ ਕਦਮ ਰੱਖ ਚੁੱਕਾ ਹੈ। ਇਸ ਵਾਇਰਸ ਦਾ ਪਹਿਲਾ ਮਾਮਲਾ 1950 ’ਚ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼
ਨੇਚਰ ਜਰਨਲ ’ਚ ਪ੍ਰਕਾਸ਼ਿਤ ਇਕ ਅਧਿਐਨ ਨੇ ਅੰਦਾਜ਼ਾ ਲਾਇਆ ਸੀ ਕਿ ਜੇਕਰ ਅਗਲੇ 50 ਸਾਲਾਂ ’ਚ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਵਧਦਾ ਹੈ, ਤਾਂ ਇਹ ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਨਵੇਂ ਖੇਤਰਾਂ ’ਚ ਅਤੇ ਮਨੁੱਖੀ ਬਸਤੀਆਂ ਦੇ ਨੇੜੇ ਵੱਸਣ ਲਈ ਮਜਬੂਰ ਕਰੇਗਾ।
2070 ਤੱਕ ਮਨੁੱਖੀ ਸੰਪਰਕ ’ਚ ਆ ਸਕਦੇ ਹਨ 10,000 ਤੋਂ 15,000 ਨਵੇਂ ਬੈਕਟੀਰੀਆ ਅਤੇ ਵਾਇਰਸ
ਇਸ ਸਥਿਤੀ ’ਚ 2070 ਤੱਕ ਲਗਭਗ 10,000 ਤੋਂ 15,000 ਨਵੇਂ ਬੈਕਟੀਰੀਆ ਅਤੇ ਵਾਇਰਸ ਜੋ ਪਹਿਲਾਂ ਜੰਗਲੀ ਜਾਨਵਰਾਂ ਅਤੇ ਜੰਗਲਾਂ ਤੱਕ ਸੀਮਤ ਸਨ, ਉਹ ਮਨੁੱਖੀ ਸੰਪਰਕ ’ਚ ਆ ਜਾਣਗੇ। ਇਨ੍ਹਾਂ ’ਚੋਂ ਜ਼ਿਆਦਾਤਰ ਅਫਰੀਕਾ ਅਤੇ ਏਸ਼ੀਆ ਦੇ ਦੇਸ਼ਾਂ ਤੋਂ ਨਿਕਲਣਗੇ।
ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ; ਇਕ ਹੀ ਸਰਿੰਜ ਨਾਲ 30 ਬੱਚਿਆਂ ਨੂੰ ਲਾ ਦਿੱਤੀ ਕੋਰੋਨਾ ਵੈਕਸੀਨ
50 ਸਾਲਾਂ ’ਚ ਆਈਆਂ 330 ਬੀਮਾਰੀਆਂ ਸਾਹਮਣੇ
ਇਕ ਹੋਰ ਰਿਪੋਰਟ ਮੁਤਾਬਕ ਪਿਛਲੇ 50 ਸਾਲਾਂ ’ਚ ਲਗਭਗ 1,500 ਨਵੀਆਂ ਸੰਭਾਵੀ ਬੀਮਾਰੀਆਂ ਪੈਦਾ ਕਰਨ ਵਾਲੇ ਵਾਇਰਸ, ਬੈਕਟੀਰੀਆ ਅਤੇ ਹੋਰਨਾਂ ਦਾ ਪਤਾ ਲਾਇਆ ਗਿਆ ਹੈ, ਜੋ ਮਨੁੱਖਾਂ ’ਚ ਬੀਮਾਰੀ ਪੈਦਾ ਕਰਨ ਦੇ ਸਮਰੱਥ ਹਨ। 1940 ਅਤੇ 2004 ਦੇ ਵਿਚਕਾਰ ਅੰਦਾਜ਼ਨ 330 ਬੀਮਾਰੀਆਂ ਸਾਹਮਣੇ ਆਈਆਂ ਸਨ ਜਿਨ੍ਹਾਂ ’ਚੋਂ ਲਗਭਗ 200 ਬੀਮਾਰੀਆਂ ਜਾਨਵਰਾਂ ਤੋਂ ਮਨੁੱਖਾਂ ਤੱਕ ਪਹੁੰਚੀਆਂ ਅਤੇ 70 ਫ਼ੀਸਦੀ ਵਾਇਰਸ ਜੰਗਲੀ ਜੀਵਾਂ ਤੋਂ ਸਨ।
ਮਹਾਮਾਰੀ ਨੂੰ ਵਧਾਉਂਣ ਵਾਲੇ 6 ਮੁੱਖ ਕਾਰਕ
1. ਦੁਨੀਆ ਦੇ ਕਿਸੇ ਵੀ ਹਿੱਸੇ ’ਚ ਸ਼ਹਿਰੀਕਰਨ ਜਾਂ ਵਿਕਾਸ ਦੇ ਨਾਂ ’ਤੇ ਜਦੋਂ ਵੀ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ, ਤਾਂ ਨਵੇਂ ਰੋਗਾਣੂ ਉਦੋਂ ਤੱਕ ਜੰਗਲਾਂ ’ਚ ਲੁਕੇ ਰਹਿੰਦੇ ਸਨ, ਜਦੋਂ ਤਕ ਇਨਸਾਨਾਂ ਦੇ ਸੰਪਰਕ ’ਚ ਨਹੀਂ ਆ ਜਾਂਦੇ। ਜੰਗਲਾਂ ਦੀ ਕਟਾਈ ਨਵੇਂ ਰੋਗਾਣੂਆਂ ਦੇ ਉਭਰਣ ਦਾ ਇਕ ਵੱਡਾ ਕਾਰਨ ਹੈ।
2. ਹਰ ਮਨੁੱਖੀ ਗਤੀਵਿਧੀ ਅਤੇ ਸਰਕਾਰੀ ਅਯੋਗਤਾ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਹੁੰਦੀ ਹੈ, ਰੋਗਾਣੂਆਂ ਲਈ ਅਨੁਕੂਲ ਸਥਿਤੀਆਂ ਪੈਦਾ ਕਰਦੀ ਹੈ। ਉਨ੍ਹਾਂ ਹਾਲਤਾਂ ਅਤੇ ਸਥਾਨਾਂ ’ਚ ਜਿਊਂਦੇ ਰਹਿੰਦੇ ਹਨ, ਜੋ ਪਹਿਲਾਂ ਉਨ੍ਹਾਂ ਲਈ ਅਨੁਕੂਲ ਨਹੀਂ ਸਨ।
ਇਹ ਵੀ ਪੜ੍ਹੋ- ਹਰਿਆਣਾ ’ਚ ਮੰਕੀਪਾਕਸ ਦੀ ਦਸਤਕ; ਭਰਾ-ਭੈਣ ’ਚ ਮਿਲੇ ਲੱਛਣ
3. ਵੱਡੇ ਪੱਧਰ ’ਤੇ ਤੀਬਰ ‘ਫੈਕਟਰੀ’ ਫਾਰਮ, ਜਿੱਥੇ ਹਜ਼ਾਰਾਂ ਜਾਨਵਰ ਇਕੱਠੇ ਘਰਾਂ ਦੇ ਅੰਦਰ ਰੱਖੇ ਜਾਂਦੇ ਹਨ, ਜਰਾਸੀਮ ਦੇ ਗੁਣਾਂਕ ਅਤੇ ਪਰਿਵਰਤਨ ਲਈ ਉਪਜਾਊ ਜ਼ਮੀਨ ਬਣਾਉਂਦੇ ਹਨ, ਜਿਸ ਨਾਲ ਨਵੇਂ ਅਤੇ ‘ਸੰਭਾਵੀ ਤੌਰ ’ਤੇ ਹਾਨੀਕਾਰਕ’ ਰੂਪਾਂ ਦੇ ਉਭਰਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਕੋਈ ਸਿਧਾਂਤਕ ਧਾਰਨਾ ਨਹੀਂ ਹੈ। 2009 ਵਿਚ ਸਵਾਈਨ ਫਲੂ ਦੀ ਮਹਾਮਾਰੀ ਮੈਕਸੀਕੋ ਦੇ ਇਕ ਇਲਾਕੇ ਤੋਂ ਸ਼ੁਰੂ ਹੋਈ, ਜੋ ਇਕ ਫੈਕਟਰੀ ਪਿਗ ਫਾਰਮ ਤੋਂ ਕੁਝ ਹੀ ਕਿਲੋਮੀਟਰ ਦੂਰੀ ’ਤੇ ਸੀ।
4. ਹਰ ਵਾਰ ਜਦੋਂ ਤੁਸੀਂ ਐਂਟੀਬਾਇਓਟਿਕਸ ਦੀ ਵਰਤੋਂ ਕਰਦੇ ਹੋ ਤਾਂ ਇਹ ਵੀ ਮਹਾਮਾਰੀ ਨੂੰ ਜਨਮ ਦੇ ਸਕਦੀ ਹੈ। ਮੁਰਗੀਆਂ ਦੇ ਵਜ਼ਨ ਨੂੰ ਵਧਾਉਣ ਅਤੇ ਮੁਨਾਫ਼ਾ ਮਾਰਜਿਨ ਨੂੰ ਵਧਾਉਣ ਲਈ ਪੋਲਟਰੀ ਫਾਰਮਾਂ ਅਤੇ ਖੇਤੀਬਾੜੀ ਉਦਯੋਗ ’ਚ ਬਾਇਓਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਜਰਾਸੀਮ ਪ੍ਰਤੀਰੋਧਕ ਬਣਨ ਅਤੇ ਮਨੁੱਖਾਂ ’ਚ ਵਧੇਰੇ ਗੰਭੀਰ ਬੀਮਾਰੀਆਂ ਪੈਦਾ ਕਰਨ ’ਚ ਯੋਗਦਾਨ ਦਿੰਦਾ ਹੈ। ਇਹ ਮਨੁੱਖੀ ਗਤੀਵਿਧੀਆਂ ਹਨ, ਜਿਨ੍ਹਾਂ ਦੇ ਪੀੜ੍ਹੀਆਂ ਤਕ ਗੰਭੀਰ ਨਤੀਜੇ ਹੁੰਦੇ ਹਨ।
5. ‘ਗੀਲੇ’ ਬਾਜ਼ਾਰਾਂ ਰਾਹੀਂ ਜੰਗਲੀ ਜੀਵਨ ਦੇ ਵਪਾਰ ’ਚ ਵਾਧਾ ਅਤੇ ਦੁਰਲੱਭ ਮੀਟ ਦੀ ਮੰਗ ਅਣ-ਦ੍ਰਿਸ਼ ਜਰਾਸੀਮਾਂ ਦੇ ਫੈਲਣ ਲਈ ਇਕ ਆਦਰਸ਼ ਵਾਤਾਵਰਣ ਪ੍ਰਦਾਨ ਕਰਦੀ ਹੈ। ਕੋਵਿਡ -19 ਦੇ ਸ਼ੁਰੂਆਤੀ ਕੇਸ ਉਨ੍ਹਾਂ ਲੋਕਾਂ ’ਚ ਪਾਏ ਗਏ ਸਨ ਜੋ ਚੀਨ ਦੇ ਵੁਹਾਨ ’ਚ ਇਕ ਗੀਲੇ ਬਾਜ਼ਾਰ ’ਚ ਗਏ ਸਨ। ਅਫਰੀਕਾ ਤੋਂ ਬਾਹਰ ਮੰਕੀਪਾਕਸ ਦਾ ਕਹਿਰ ਅਮਰੀਕਾ ’ਚ ਜੰਗਲੀ ਜੀਵ ਵਪਾਰ ਦਾ ਨਤੀਜਾ ਸੀ।
6. ਗੈਰ-ਯੋਜਨਾਬੱਧ ਸ਼ਹਿਰੀਕਰਨ ਅਤੇ ਭੀੜ-ਭੜੱਕੇ ’ਚ ਰਹਿਣ ਦੀ ਸਥਿਤੀ ਦਾ ਮਤਲਬ ਹੈ ਕਿ ਨਵੇਂ ਜਰਾਸੀਮ ਤੇਜ਼ੀ ਨਾਲ ਫੈਲ ਸਕਦੇ ਹਨ ਅਤੇ ਕਿਸੇ ਵੀ ਰੋਗ ਨਿਗਰਾਨੀ ਪ੍ਰਣਾਲੀ ਵੱਲੋਂ ਪਤਾ ਲਾਏ ਜਾਣ ਤੋਂ ਪਹਿਲਾਂ ਵਧੇਰੇ ਲੋਕਾਂ ਨੂੰ ਇਨਫੈਕਟਿਡ ਕਰ ਸਕਦੇ ਹਨ ਅਤੇ ਤੇਜ਼ ਆਵਾਜਾਈ ਦੇ ਯੁੱਗ ’ਚ ਜਿੱਥੇ ਮਨੁੱਖ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਯਾਤਰਾ ਕਰ ਸਕਦਾ ਹੈ, ਇਹ ਜਰਾਸੀਮ ਕਿਸੇ ਭੂਗੋਲਿਕ ਜਾਂ ਰਾਜਨੀਤਿਕ ਸਰਹੱਦਾਂ ’ਚ ਬੰਨ੍ਹੇ ਹੋਏ ਨਹੀਂ ਹਨ।