ਆਫ਼ ਦਿ ਰਿਕਾਰਡ : ਜਨਤਾ ਦਲ (ਯੂਨਾਈਟਡ) ਨੇ UCC ’ਤੇ ਵੀ ਨਾਰਾਜ਼ਗੀ ਪ੍ਰਗਟਾਈ

Tuesday, Sep 15, 2026 - 10:49 AM (IST)

ਆਫ਼ ਦਿ ਰਿਕਾਰਡ : ਜਨਤਾ ਦਲ (ਯੂਨਾਈਟਡ) ਨੇ UCC ’ਤੇ ਵੀ ਨਾਰਾਜ਼ਗੀ ਪ੍ਰਗਟਾਈ

ਨਵੀਂ ਦਿੱਲੀ - ਕੀ ਜਨਤਾ ਦਲ (ਯੂਨਾਈਟਡ) ਸਿਰਫ਼ ਆਪਣੀ ਨਾਰਾਜ਼ਗੀ ਦਿਖਾ ਰਹੀ ਹੈ ਜਾਂ ਚੁੱਪਚਾਪ ਆਪਣੇ ਸਹਿਯੋਗੀ ਲਈ ਲਾਲ ਲਕੀਰ ਖਿੱਚ ਰਹੀ ਹੈ? ਇਹ ਸਵਾਲ ਬਿਹਾਰ ਵਿਚ ਉਦੋਂ ਤੋਂ ਚਰਚਾ ਵਿਚ ਹੈ ਜਦੋਂ ਨਿਤੀਸ਼ ਕੁਮਾਰ ਦੀ ਪਾਰਟੀ ਨੇ ਰਾਜਗ ਸਰਕਾਰ ਦੇ ਦੋ ਅਹਿਮ ਸਿੱਖਿਆ ਫ਼ੈਸਲਿਆਂ ਨੂੰ ਖੁੱਲ੍ਹੇ ਤੌਰ ’ਤੇ ਚੁਣੌਤੀ ਦਿੱਤੀ। ਯੂ. ਸੀ. ਸੀ. ’ਤੇ ਨਾਰਾਜ਼ਗੀ ਇਕ ਹੋਰ ਨਵਾਂ ਮੁੱਦਾ ਹੈ ਜਿੱਥੇ ਸਹਿਯੋਗੀ ਪਾਰਟੀ ਨੇ ਆਪਣੀ ਪਸੰਦ ਸਾਫ਼ ਕਰ ਦਿੱਤੀ ਹੈ।

ਪਹਿਲਾ ਵਿਵਾਦ ਸਰਕਾਰ ਦੇ ਉਸ ਪ੍ਰਸਤਾਵ ਦੇ ਆਲੇ-ਦੁਆਲੇ ਘੁੰਮਦਾ ਹੈ ਜਿਸ ਵਿਚ ਡਿਗਰੀ ਕਾਲਜਾਂ ਨੂੰ ਪੋਸਟ ਗ੍ਰੈਜੂਏਟ ਕਾਲਜਾਂ ਤੋਂ ਵੱਖ ਕਰਨ ਅਤੇ ਡਿਗਰੀ ਕਾਲਜਾਂ ਨੂੰ ਸਿੱਧੇ ਸਿੱਖਿਆ ਵਿਭਾਗ ਦੇ ਅਧੀਨ ਲਿਆਉਣ ਦੀ ਤਜਵੀਜ਼ ਹੈ, ਜਿਸ ਨਾਲ ਯੂਨੀਵਰਸਿਟੀ ਦੀ ਭੂਮਿਕਾ ਘੱਟ ਜਾਵੇਗੀ। ਇਸ ਕਦਮ ਦਾ ਦੇਸ਼ ਭਰ ਦੇ ਅਧਿਆਪਕਾਂ ਨੇ ਵਿਰੋਧ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਵਿਰੋਧ ਸਿਰਫ਼ ਜਦ (ਯੂ) ਤੱਕ ਹੀ ਸੀਮਤ ਨਹੀਂ ਹੈ; ਕੁਝ ਭਾਜਪਾ ਨੇਤਾਵਾਂ ਨੇ ਵੀ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ।

ਪਰ ਇਹ ਦੂਜਾ ਮੁੱਦਾ ਹੈ ਜਿਸ ਦਾ ਜ਼ਿਆਦਾ ਸਿਆਸੀ ਮਤਲਬ ਹੈ। ਸਰਕਾਰ ਨੇ 550 ਤੋਂ ਵੱਧ ਸਕੂਲਾਂ ਨੂੰ ਮਾਡਲ ਅਦਾਰਿਆਂ ਵਿਚ ਬਦਲਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਦਾ ਨਾਂ ‘ਸਰਸਵਤੀ ਵਿਦਿਆ ਨਿਕੇਤਨ’ ਰੱਖਿਆ ਹੈ ਅਤੇ ਉਨ੍ਹਾਂ ਨੂੰ ਮੁੜ ਭਗਵਾ ਰੰਗ ਦਿੱਤਾ ਗਿਆ ਹੈ। ਜਦ (ਯੂ) ਨੇ ਆਪਣੇ ਸ਼ਬਦ ਸੋਚ-ਸਮਝ ਕੇ ਚੁਣੇ ਹਨ। ਇਸ ਨੇ ਆਰ. ਐੱਸ. ਐੱਸ. ਸਮਰਥਿਤ ਸਰਸਵਤੀ ਸ਼ਿਸ਼ੂ ਮੰਦਰ ਨੈੱਟਵਰਕ ਨਾਲ ਸਿੱਧੀ ਤੁਲਨਾ ਕਰਨ ਤੋਂ ਗੁਰੇਜ਼ ਕੀਤਾ ਹੈ ਪਰ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਰੰਗ ਦੀ ਰਾਜਨੀਤੀ ਤੋਂ ਅਸਹਿਜ ਹੈ।

ਜਦ (ਯੂ) ਨੇਤਾਵਾਂ ਨੇ ਇਸ ਗੱਲ ਨੂੰ ਇਕ ਸਪੱਸ਼ਟ ਟਿੱਪਣੀ ਨਾਲ ਦੱਸਿਆ ਹੈ : ਸਿੱਖਿਆ ਦਾ ਸਿਰਫ਼ ਇਕ ਹੀ ਰੰਗ ਹੈ ਅਤੇ ਇਸ ਨੂੰ ਕਿਸੇ ਸਿਆਸੀ ਰੰਗ ਦੀ ਲੋੜ ਨਹੀਂ ਹੈ। ਇਸ ਬਿਆਨ ਨੂੰ ਆਮ ਤੌਰ ’ਤੇ ਭਾਜਪਾ ਲਈ ਇਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿ ਜਦ (ਯੂ) ਨਹੀਂ ਚਾਹੁੰਦੀ ਕਿ ਬਿਹਾਰ ਦੀ ਸਿੱਖਿਆ ਪ੍ਰਣਾਲੀ ਇਕ ਹੋਰ ਵਿਚਾਰਧਾਰਕ ਲੜਾਈ ਦਾ ਮੈਦਾਨ ਬਣ ਜਾਵੇ।

ਹਾਲਾਂਕਿ, ਅਸਲੀ ਪ੍ਰੀਖਿਆ ਅਜੇ ਬਾਕੀ ਹੈ। ਕੀ ਜਦ (ਯੂ) ਸੂਬਾ ਸਰਕਾਰ ’ਤੇ ਇਹ ਫ਼ੈਸਲੇ ਬਦਲਣ ਲਈ ਦਬਾਅ ਪਾਏਗੀ ਜਾਂ ਵਿਰੋਧ ਸਿਰਫ਼ ਸੰਕੇਤਕ ਰਹੇਗਾ? ਇਹ ਫ਼ੈਸਲਾ ਨਿਤੀਸ਼ ਕੁਮਾਰ ਅਤੇ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ’ਤੇ ਨਿਰਭਰ ਕਰੇਗਾ। ਫਿਲਹਾਲ, ਭਾਜਪਾ ਨੂੰ ਨੋਟਿਸ ਦੇ ਦਿੱਤਾ ਗਿਆ ਹੈ।


author

cherry

Content Editor

Related News