ਓਡੀਸ਼ਾ ''ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ''ਚ 4 ਮਾਓਵਾਦੀ ਢੇਰ
Wednesday, Sep 09, 2020 - 05:10 PM (IST)

ਭੁਵਨੇਸ਼ਵਰ- ਓਡੀਸ਼ਾ ਦੀ ਕੰਧਮਾਲ-ਕਾਲਾਹਾਂਡੀ ਸਰਹੱਦ 'ਤੇ ਬੁੱਧਵਾਰ ਨੂੰ ਇਕ ਜੰਗਲ 'ਚ ਸੁਰੱਖਿਆ ਦਸਤਿਆਂ ਅਤੇ ਮਾਓਵਾਦੀਆਂ ਦਰਮਿਆਨ ਮੁਕਾਬਲੇ 'ਚ 4 ਮਾਓਵਾਦੀ ਮਾਰੇ ਗਏ। ਪੁਲਸ ਡਾਇਰੈਕਟਰ ਜਨਰਲ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਕਲੰਦੀ ਪੁਲਸ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਕੰਧਮਾਲ ਸਰਹੱਦ 'ਤੇ ਕਾਲਾਹਾਂਡੀ 'ਚ ਮੰਗਲਵਾਰ ਨੂੰ ਇਕ ਮੁਹਿੰਮ ਚਲਾਈ। ਮੁਹਿੰਮ 'ਚ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਅਤੇ ਜ਼ਿਲ੍ਹਾ ਸਵੈਇੱਛਕ ਫੋਰਸ (ਡੀ.ਵੀ.ਐੱਫ.) ਦੀਆਂ 2 ਸੰਯੁਕਤ ਟੀਮਾਂ ਨੇ ਹਿੱਸਾ ਲਿਆ।
ਉਨ੍ਹਾਂ ਨੇ ਦੱਸਿਆ ਕਿ ਮਾਓਵਾਦੀਆਂ ਵਲੋਂ ਬੁੱਧਵਾਰ ਸਵੇਰੇ ਕਰੀਬ 11 ਵਜੇ ਗੋਲੀਬਾਰੀ ਕੀਤੇ ਜਾਣ 'ਤੇ ਐੱਸ.ਓ.ਜੀ. ਅਤੇ ਡੀ.ਵੀ.ਐੱਫ. ਦੀ ਸੰਯੁਕਤ ਟੀਮ ਨੇ ਜਵਾਬੀ ਕਾਰਵਾਈ ਕੀਤੀ। ਦੋਹਾਂ ਪੱਖਾਂ ਦਰਮਿਆਨ ਕਰੀਬ ਅੱਧੇ ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ 4 ਮਾਓਵਾਦੀ ਮਾਰੇ ਗਏ ਅਤੇ ਐੱਸ.ਓ.ਜੀ. ਦਾ ਇਕ ਜਵਾਨ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਨੂੰ ਮੁਕਾਬਲੇ ਵਾਲੀ ਜਗ੍ਹਾ ਤੋਂ ਕੱਢਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਐੱਸ.ਓ.ਜੀ., ਡੀ.ਵੀ.ਐੱਫ. ਅਤੇ ਸੀ.ਆਰ.ਪੀ.ਐੱਫ. ਦੀਆਂ ਟੀਮਾਂ ਨੂੰ ਤਲਾਸ਼ੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਹੈ।