PM ਮੋਦੀ ਦੀ ਇਤਰਾਜ਼ਯੋਗ ਤਸਵੀਰ ਟਵੀਟ ਕਰ ਕਸੂਤੇ ਫਸੇ ਕਾਂਗਰਸੀ ਵਿਧਾਇਕ

08/09/2020 2:48:25 PM

ਇੰਦੌਰ— ਅਯੁੱਧਿਆ ਵਿਚ ਰਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਮੌਕੇ 'ਤੇ ਖਿੱਚੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਮੱਧ ਪ੍ਰਦੇਸ਼ ਦੇ ਸਾਬਕਾ ਉੱਚ ਸਿੱਖਿਆ ਮੰਤਰੀ ਅਤੇ ਮੌਜੂਦਾ ਕਾਂਗਰਸ ਵਿਧਾਇਕ ਜੀਤੂ ਪਟਵਾਰੀ ਕਸੂਤੇ ਫਸ ਗਏ ਹਨ। ਪ੍ਰਧਾਨ ਮੰਤਰੀ ਦੀ ਇਤਰਾਜ਼ਯੋਗ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਜੀਤੂ ਪਟਵਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਛੱਤਰੀਪੁਰ ਥਾਣੇ ਦੇ ਮੁਖੀ ਪਵਨ ਸਿੰਘਲ ਨੇ ਐਤਵਾਰ ਨੂੰ ਦੱਸਿਆ ਕਿ ਭਾਜਪਾ ਪ੍ਰਧਾਨ ਗੌਰਵ ਰਣਦਿਵੇ ਦੀ ਸ਼ਿਕਾਇਤ 'ਤੇ ਪਟਵਾਰੀ ਖ਼ਿਲਾਫ਼ ਧਾਰਾ-188 (ਕਿਸੇ ਸਰਕਾਰੀ ਅਧਿਕਾਰੀ ਦਾ ਆਦੇਸ਼ ਨਾ ਮੰਨਣਾ) ਅਤੇ ਧਾਰਾ-464 (ਝੂਠਾ ਇਲੈਕਟ੍ਰਾਨਿਕ ਰਿਕਾਰਡ ਬਣਾਉਣਾ) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਟਵਾਰੀ ਨੇ ਟਵਿੱਟਰ ਖਾਤੇ 'ਤੇ ਸ਼ਨੀਵਾਰ ਨੂੰ ਪੋਸਟ ਕੀਤੀ ਗਈ ਵਿਵਾਦਪੂਰਨ ਤਸਵੀਰ ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਤਿਆਰ ਕੀਤੀ। ਇਸ ਤਸਵੀਰ ਵਿਚ ਪ੍ਰਧਾਨ ਮੰਤਰੀ ਅਯੁੱਧਿਆ ਵਿਚ 5 ਅਗਸਤ ਨੂੰ ਰਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਮੌਕੇ 'ਤੇ ਭੂਮੀ ਪੂਜਨ ਵਿਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ।

PunjabKesari
ਵਿਵਾਦਪੂਰਨ ਤਸਵੀਰ ਨੂੰ ਮਾਸਕ ਪਹਿਨੇ ਹੋਏ ਪ੍ਰਧਾਨ ਮੰਤਰੀ ਦੇ ਹੱਥ 'ਚ ਕਟੋਰਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਜੀਤੂ ਪਟਵਾਰੀ ਨੇ ਪੋਸਟ ਕਰਦੇ ਹੋਏ ਲਿਖਿਆ ਸੀ- ਦੇਸ਼ ਦੀ ਅਰਥਵਿਵਸਥਾ, ਵਪਾਰ ਅਤੇ ਆਮਦਨ, ਕਿਸਾਨਾਂ ਦੀ ਡਿਗਦੀ ਆਰਥਿਕ ਸਥਿਤੀ, ਨੌਕਰੀ ਅਤੇ ਬੇਰੋਜ਼ਗਾਰੀ, ਆਰਥਿਕ ਗਿਰਾਵਟ, ਮਜ਼ਦੂਰ ਅਤੇ ਉਸ ਦੀ ਜ਼ਿੰਦਗੀ ਦਾ ਸੰਘਰਸ਼, ਇਹ ਵਿਸ਼ੇ ਟੈਲੀਵਿਜ਼ਨ ਡਿਬੇਟ ਦੇ ਨਹੀਂ ਹਨ! ਕਿਉਂਕਿ ਕਟੋਰਾ ਲੈ ਕੇ ਚਲ ਦੇਣਗੇ ਜੀ। 
ਇੰਦੌਰ ਤੋਂ ਲੋਕ ਸਭਾ ਖੇਤਰ ਦੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ, ਕੁਝ ਸਥਾਨਕ ਵਿਧਾਇਕਾਂ ਅਤੇ ਹੋਰ ਭਾਜਪਾ ਨੇਤਾਵਾਂ ਨੇ ਪਟਵਾਰੀ ਦੇ ਟਵੀਟ 'ਤੇ ਸਖਤ ਨਾਰਾਜ਼ਗੀ ਜਤਾਈ। ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਤਰਾਜ਼ਯੋਗ ਤਸਵੀਰ ਪੋਸਟ ਟਵਿੱਟਰ ਤੋਂ ਹਟਾ ਲਈ ਗਈ ਸੀ। ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ ਇੰਦੌਰ ਦੇ ਰਾਊ ਖੇਤਰ ਦੇ ਕਾਂਗਰਸ ਵਿਧਾਇਕ ਦੇ ਇਸ ਟਵੀਟ ਤੋਂ ਨਾ ਸਿਰਫ ਪ੍ਰਧਾਨ ਮੰਤਰੀ ਅਹੁਦੇ ਦੀ ਮਰਿਆਦਾ ਨੂੰ ਸੱਟ ਲੱਗੀ ਹੈ, ਸਗੋਂ ਕਿ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਇਆ ਹੈ।


Tanu

Content Editor

Related News