ਡਿਊਟੀ ਦੌਰਾਨ ਨਰਸਾਂ ਨੇ Tik Tok ''ਤੇ ਬਣਾਈ ਵੀਡੀਓ, ਲੋਕਾਂ ਨੇ ਕਿਹਾ-ਸਸਪੈਂਡ ਕਰੋ
Wednesday, Jun 26, 2019 - 06:00 PM (IST)

ਓਡੀਸ਼ਾ— ਓਡੀਸ਼ਾ ਦੇ ਇਕ ਹਸਪਤਾਲ 'ਚ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਬਜਾਏ ਨਰਸਾਂ ਨੇ ਡਿਊਟੀ ਦੌਰਾਨ ਟਿਕ-ਟਾਕ ਵੀਡੀਓ ਬਣਾ ਕੇ ਪੋਸਟ ਕੀਤੇ ਹਨ। ਪੋਸਟ ਕਰਨ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਏ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਇਨ੍ਹਾਂ ਨਰਸਾਂ ਵਿਰੁੱਧ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਮਾਮਲਾ ਭੁਵਨੇਸ਼ਵਰ ਦੇ ਮਲਕਾਗਿਰੀ ਜ਼ਿਲੇ ਦਾ ਹੈ, ਜਿੱਥੇ ਇਨ੍ਹਾਂ ਨਰਸਾਂ ਨੇ ਡਿਊਟੀ ਦੌਰਾਨ ਬੀਮਾਰ ਅਤੇ ਨਿਊਬੋਰਨ ਕੇਅਰ ਯੂਨਿਟ 'ਚ ਵੀਡੀਓ ਬਣਾਏ। ਕੁਝ ਵੀਡੀਓ 'ਚ ਨਰਸਾਂ ਡਾਂਸ ਕਰ ਰਹੀਆਂ ਅਤੇ ਕੁਝ ਵੀਡੀਓ 'ਚ ਮਜ਼ਾਕ ਕਰ ਰਹੀਆਂ ਹਨ। ਇਕ ਨਰਸ ਤਾਂ ਇਕ ਨਵਜੰਮੇ ਬੱਚੇ ਨੂੰ ਗੋਦ 'ਚ ਲੈ ਕੇ ਗਾਣਾ ਵੀ ਗਾ ਰਹੀ ਹੈ।
ਇਸ ਵੀਡੀਓ ਦੇ ਪੋਸਟ ਹੁੰਦੇ ਹੀ ਲੋਕਾਂ ਕਮੈਂਟਾਂ 'ਚ ਇਨ੍ਹਾਂ ਨੂੰ ਗੈਰ-ਜ਼ਿੰਮੇਵਾਰ ਦੱਸ ਕੇ ਇਨ੍ਹਾਂ ਵਿਰੁੱਧ ਕਾਰਵਾਈ ਅਤੇ ਸਸਪੈਂਡ ਕਰਨ ਦੀ ਮੰਗ ਕਰ ਰਹੇ ਹਨ। ਵੀਡੀਓ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਨੂੰ ਮਿਲੀ ਤਾਂ ਹਸਪਤਾਲ ਦੇ ਚੀਫ ਮੈਡੀਕਲ ਅਫ਼ਸਰ ਤਪਨ ਕੁਮਾਰ ਡਿੰਡਾ ਨੇ ਕਿਹਾ ਕਿ ਨੋਟਿਸ ਲਿਆ ਗਿਆ ਹੈ ਅਤੇ ਜੋ ਵੀ ਨਰਸਾਂ ਆਪਣੀ ਜ਼ਿੰਮੇਵਾਰੀ ਛੱਡ ਕੇ ਵੀਡੀਓ 'ਚ ਦਿੱਸ ਰਹੀਆਂ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।