ਪਰਮਾਣੂ ਬੰਬ ਦੀ ''ਗਿੱਦੜ ਭਬਕੀ'' ਤੋਂ ਨਹੀਂ ਡਰੇਗਾ ਭਾਰਤ : PM ਮੋਦੀ

Friday, May 30, 2025 - 05:52 PM (IST)

ਪਰਮਾਣੂ ਬੰਬ ਦੀ ''ਗਿੱਦੜ ਭਬਕੀ'' ਤੋਂ ਨਹੀਂ ਡਰੇਗਾ ਭਾਰਤ : PM ਮੋਦੀ

ਕਾਨਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ 'ਆਪਰੇਸ਼ਨ ਸਿੰਦੂਰ' ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਹੁਣ ਹਰ ਅੱਤਵਾਦੀ ਹਮਲੇ ਦਾ ਕਰਾਰ ਜਵਾਬ ਦੇਣ ਦਾ ਇਰਾਦਾ ਕਰ ਚੁੱਕਿਆ ਭਾਰਤ ਪਰਮਾਣੂ ਬੰਬ ਦੀ 'ਗਿੱਦੜ ਭਬਕੀ' ਤੋਂ ਡਰਨ ਵਾਲਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਾਨਪੁਰ 'ਚ 47 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,''ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਆਪਰੇਸ਼ਨ ਸਿੰਦੂਰ ਦੌਰਾਨ ਜੋ ਦੁਸ਼ਮਣ ਗਿੜਗਿੜਾ ਰਿਹਾ ਸੀ, ਉਹ ਕਿਸੇ ਧੋਖੇ 'ਚ ਨਾ ਰਹੇ.... ਆਪਰੇਸ਼ਨ ਸਿੰਦੂਰ, ਅਜੇ ਖ਼ਤਮ ਨਹੀਂ ਹੋਇਆ ਹੈ।'' ਉਨ੍ਹਾਂ ਕਿਹਾ,''ਭਾਰਤ ਨੇ ਅੱਤਵਾਦ ਖ਼ਿਲਾਫ਼ ਆਪਣੀ ਲੜਾਈ 'ਚ ਤਿੰਨ ਸੂਤਰ ਸਪੱਸ਼ਟ ਰੂਪ ਨਾਲ ਤੈਅ ਕੀਤੇ ਹਨ। ਪਹਿਲਾ, ਭਾਰਤ ਹਰ ਅੱਤਵਾਦੀ ਹਮਲੇ ਦਾ ਕਰਾਰ ਜਵਾਬ ਦੇਵੇਗਾ। ਉਸ ਦਾ ਸਮਾਂ, ਜਵਾਬ ਦੇਣ ਦਾ ਤਰੀਕਾ ਅਤੇ ਜਵਾਬ ਦੇਣ ਦੀਆਂ ਸ਼ਰਤਾਂ ਸਾਡੀਆਂ ਫ਼ੌਜਾਂ ਖ਼ੁਦ ਤੈਅ ਕਰਨਗੀਆਂ। ਦੂਜਾ, ਭਾਰਤ ਹੁਣ ਪਰਮਾਣੂ ਬੰਬ ਦੀ ਗਿੱਦੜ ਭਬਕੀ ਤੋਂ ਨਹੀਂ ਡਰੇਗਾ ਅਤੇ ਨਾ ਹੀ ਉਸ ਦੇ ਆਧਾਰ 'ਤੇ ਕੋਈ ਫ਼ੈਸਲਾ ਲਵੇਗਾ... ਅਤੇ ਤੀਜਾ, ਅੱਤਵਾਦ ਦੇ ਮਾਲਕ ਅਤੇ ਅੱਤਵਾਦ ਨੂੰ ਸਰਪ੍ਰਸਤੀ ਦੇਣ ਵਾਲੀ ਸਰਕਾਰ ਨੂੰ ਭਾਰਤ ਇਕ ਹੀ ਨਜ਼ਰ ਨਾਲ ਦੇਖੇਗਾ। ਪਾਕਿਸਤਾਨ ਦਾ 'ਸਟੇਟ' ਅਤੇ 'ਨਾਨ ਸਟੇਟ ਐਕਟਰ' ਵਾਲਾ ਖੇਡ ਹੁਣ ਨਹੀਂ ਚੱਲਣ ਵਾਲਾ।''

ਇਹ ਵੀ ਪੜ੍ਹੋ : 'ਤਾੜੀ ਇਕ ਹੱਥ ਨਾਲ ਨਹੀਂ ਵੱਜਦੀ'...SC ਨੇ ਜਬਰ ਜ਼ਿਨਾਹ ਮਾਮਲੇ 'ਚ ਇੰਨਫਲਾਂਸਰ ਨੂੰ ਦਿੱਤੀ ਜ਼ਮਾਨਤ

ਪ੍ਰਧਾਨ ਮੰਤਰੀ ਨੇ ਕਾਨਪੁਰ ਨਾਲ ਆਪਣੇ ਜੁੜਾਵ ਨੂੰ ਪ੍ਰਦਰਸ਼ਿਤ ਕਰਦੇ ਹੋਏ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਅਤੇ ਕਿਹਾ,''ਜੇਕਰ ਮੈਂ ਸਿੱਧੀ-ਸਿੱਧੀ ਭਾਸ਼ਾ 'ਚ ਕਹਾਂ ਤਾਂ ਦੁਸ਼ਮਣ ਕਿਤੇ ਵੀ ਹੋਵੇ, ਕੁਚਲ ਦਿੱਤਾ ਜਾਵੇਗਾ।'' ਪੀ.ਐੱਮ. ਮੋਦੀ ਨੇ ਕਿਹਾ,''ਕਾਨਪੁਰ 'ਚ ਵਿਕਾਸ ਦਾ ਇਹ ਪ੍ਰੋਗਰਾਮ ਪਹਿਲੇ 24 ਅਪ੍ਰੈਲ ਨੂੰ ਹੋਣ ਵਾਲਾ ਸੀ ਪਰ ਪਹਿਲਗਾਮ ਹਮਲੇ ਕਾਰਨ ਮੈਨੂੰ ਆਪਣਾ ਕਾਨਪੁਰ ਦੌਰਾ ਰੱਦ ਕਰਨਾ ਪਿਆ। ਪਹਿਲਗਾਮ ਦੇ ਕਾਇਰਾਨਾ ਅੱਤਵਾਦੀ ਹਮਲੇ 'ਚ ਸਾਡੇ ਕਾਨਪੁਰ ਦੇ ਬੇਟੇ ਸ਼ੁਭਮ ਦਿਵੇਦੀ ਵੀ ਉਸ ਬੇਰਹਿਮੀ ਦਾ ਸ਼ਿਕਾਰ ਹੋਏ। ਧੀ ਐਸ਼ਨਿਆ ਦਾ ਉਹ ਦਰਦ ਅਤੇ ਅੰਦਰ ਦਾ ਗੁੱਸਾ ਅਸੀਂ ਸਭ ਮਹਿਸੂਸ ਕਰ ਸਕਦੇ ਹਾਂ। ਸਾਡੀਆਂ ਭੈਣਾਂ ਅਤੇ ਧੀਆਂ ਦਾ ਉਹੀ ਗੁੱਸਾ ਆਪਰੇਸ਼ਨ ਸਿੰਦੂਰ ਵਜੋਂ ਪੂਰੀ ਦੁਨੀਆ ਨੇ ਦੇਖਿਆ ਹੈ।'' ਉਨ੍ਹਾਂ ਕਿਹਾ,''ਅਸੀਂ ਪਾਕਿਸਤਾਨ ਦੇ ਘਰ 'ਚ ਵੜ ਕੇ ਸੈਂਕੜੇ ਮੀਲ ਅੰਦਰ ਜਾ ਕੇ ਅੱਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਅਤੇ ਸਾਡੀ ਫ਼ੌਜ ਨੇ ਅਜਿਹੀ ਬਹਾਦਰੀ ਦਿਖਾਈ ਹੈ ਕਿ ਪਾਕਿਸਤਾਨੀ ਫ਼ੌਜ ਨੂੰ ਗਿੜਗਿੜਾ ਕੇ ਯੁੱਧ ਰੋਕਣ ਦੀ ਮੰਗ ਕਰਨ 'ਤੇ ਮਜ਼ਬੂਰ ਹੋਣਾ ਪਿਆ। ਸੁਤੰਤਰਤਾ ਸੰਗ੍ਰਾਮ ਦੀ ਇਸ ਧਰਤੀ (ਕਾਨਪੁਰ) ਤੋਂ ਫ਼ੌਜ ਦੀ ਇਸ ਬਹਾਦਰੀ ਨੂੰ ਮੈਂ ਵਾਰ-ਵਾਰ ਸਲਾਮ ਕਰਦਾ ਹਾਂ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨਸ ਸਿੰਦੂਰ 'ਚ ਦੁਨੀਆ ਨੇ ਭਾਰਤ ਦੇ ਸਵਦੇਸ਼ੀ ਹਥਿਆਰਾਂ ਅਤੇ 'ਮੇਕ ਇਨ ਇੰਡੀਆ' ਦੀ ਤਾਕਤ ਵੀ ਦੇਖੀ ਹੈ। ਉਨ੍ਹਾਂ ਕਿਹਾ,''ਸਾਡੇ ਭਾਰਤੀ ਹਥਿਆਰਾਂ ਨੇ, ਬ੍ਰਹਿਮੋਸ ਮਿਜ਼ਾਈਲ ਨੇ ਦੁਸ਼ਮਣ ਦੇ ਘਰ 'ਚ ਵੜ ਕੇ ਤਬਾਹੀ ਮਚਾਈ ਹੈ। ਜਿੱਥੇ ਟਾਰਗੇਟ (ਅੱਤਵਾਦੀ ਟਿਕਾਣੇ) ਤੈਅ ਕੀਤਾ, ਉੱਥੇ ਧਮਾਕੇ ਕੀਤੇ। ਇਹ ਤਾਕਤ ਸਾਨੂੰ ਆਤਮਨਿਰਭਰ ਭਾਰਤ ਦੇ ਸੰਕਲਪ ਤੋਂ ਮਿਲੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News